For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਰਕਾਰ ਨੂੰ ਖੁੱਲ੍ਹੀ ਬਹਿਸ ਲਈ ਟੈਗੋਰ ਥੀਏਟਰ ਦੇਣ ਤੋਂ ਨਾਂਹ

07:30 AM Oct 12, 2023 IST
ਪੰਜਾਬ ਸਰਕਾਰ ਨੂੰ ਖੁੱਲ੍ਹੀ ਬਹਿਸ ਲਈ ਟੈਗੋਰ ਥੀਏਟਰ ਦੇਣ ਤੋਂ ਨਾਂਹ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਕਤੂਬਰ
ਟੈਗੋਰ ਥੀਏਟਰ ਸੁਸਾਇਟੀ ਚੰਡੀਗੜ੍ਹ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਖੁੱਲ੍ਹੀ ਬਹਿਸ’ ਦੇ ਆਯੋਜਨ ਲਈ ਆਪਣਾ ਥੀਏਟਰ ਦੇਣ ਤੋਂ ਨਾਂਹ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਪਹਿਲੀ ਨਵੰਬਰ ਨੂੰ ਹੋਣ ਵਾਲੀ ‘ਖੁੱਲ੍ਹੀ ਬਹਿਸ’ ਲਈ ਮੰਗਲਵਾਰ ਨੂੰ ਟੈਗੋਰ ਥੀਏਟਰ ਦੀ ਬੁਕਿੰਗ ਕੀਤੀ ਸੀ। ਟੈਗੋਰ ਥੀਏਟਰ ਸੁਸਾਇਟੀ ਕੋਲ ਰਸਮੀ ਪੱਤਰ ਪੁੱਜਾ ਤਾਂ ਸੁਸਾਇਟੀ ਨੇ ਨਾਂਹ ਕਰ ਦਿੱਤੀ। ਸਰਕਾਰੀ ਅਧਿਕਾਰੀਆਂ ਨੂੰ ਪਹਿਲਾਂ ਹੀ ਖ਼ਦਸ਼ਾ ਸੀ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਾਰਨ ਚੰਡੀਗੜ੍ਹ (ਯੂਟੀ) ਵਿਚ ਪੈਂਦੇ ਟੈਗੋਰ ਥੀਏਟਰ ਦੀ ਬੁਕਿੰਗ ’ਚ ਕੋਈ ਅੜਿੱਕਾ ਪੈ ਸਕਦਾ ਹੈ ਜਿਸ ਕਰਕੇ ਬਦਲਵੇਂ ਇੰਤਜ਼ਾਮ ਵੀ ਕੀਤੇ ਗਏ ਹਨ।
ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ‘ਖੁੱਲ੍ਹੀ ਬਹਿਸ’ ਲਈ ਬਦਲਵੇਂ ਪ੍ਰਬੰਧ ਵਜੋਂ ਪਹਿਲਾਂ ਹੀ ਖੇਡ ਸਟੇਡੀਅਮ ਮੁਹਾਲੀ, ਇੰਡੀਅਨ ਸਕੂਲ ਆਫ਼ ਬਿਜ਼ਨਸ ਅਤੇ ਪੰਜਾਬ ਖੇਤੀ ’ਵਰਸਿਟੀ ਲੁਧਿਆਣਾ ਦੇ ਹਾਲ ਦੀ ਚੋਣ ਕੀਤੀ ਗਈ ਸੀ, ਜਨਿ੍ਹਾਂ ’ਚੋਂ ਹੁਣ ਇੱਕ ਜਗ੍ਹਾ ’ਤੇ ਆਖ਼ਰੀ ਮੋਹਰ ਲਗਾ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੂੰ ਕਨਸੋਅ ਮਿਲੀ ਸੀ ਕਿ ਟੈਗੋਰ ਥੀਏਟਰ ਦੀ ਬੁਕਿੰਗ ਨੂੰ ਲੈ ਕੇ ਕੋਈ ਅੜਿੱਕਾ ਪੈ ਸਕਦਾ ਹੈ। ਉਧਰ ਟੈਗੋਰ ਥੀਏਟਰ ਸੁਸਾਇਟੀ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਸੁਸਾਇਟੀ ਦੇ ਨੇਮਾਂ ਮੁਤਾਬਕ ਕਿਸੇ ਵੀ ਸਿਆਸੀ ਬਹਿਸ ਲਈ ਥੀਏਟਰ ਨਹੀਂ ਦਿੱਤਾ ਜਾ ਸਕਦਾ ਹੈ ਅਤੇ ਥੀਏਟਰ ਸਿਰਫ਼ ਆਰਟ ਤੇ ਕਲਚਰ ਪ੍ਰੋਗਰਾਮਾਂ ਲਈ ਹੀ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲਿਖਤੀ ਰੂਪ ਵਿਚ ਹਾਲੇ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ ਹੈ ਅਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਬੁਕਿੰਗ ਬਾਰੇ ਪੁੱਛਗਿੱਛ ਕੀਤੀ ਗਈ ਸੀ, ਪਰ ਥੀਏਟਰ ਦੀ ਵਰਤੋਂ ਸਿਆਸੀ ਬਹਿਸ ਲਈ ਨਹੀਂ ਹੋ ਸਕਦੀ ਹੈ।
ਸੂਤਰਾਂ ਮੁਤਾਬਕ ਮੁੱਖ ਮੰਤਰੀ ‘ਖੁੱਲ੍ਹੀ ਬਹਿਸ’ ਦੇ ਕੀਤੇ ਐਲਾਨ ਨੂੰ ਹਕੀਕੀ ਰੂਪ ਦੇਣ ਲਈ ਬਜ਼ਿਦ ਹਨ। ਜੇਕਰ ਕੋਈ ਸਿਆਸੀ ਧਿਰ ਇਸ ਬਹਿਸ ਵਿਚ ਸ਼ਮੂਲੀਅਤ ਨਹੀਂ ਕਰਦੀ ਤਾਂ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕੀਤੇ ਜਾਣ ਦਾ ਪ੍ਰੋਗਰਾਮ ਹੈ। ਵੇਰਵਿਆਂ ਅਨੁਸਾਰ ਵਿਰੋਧੀ ਧਿਰਾਂ ਨੇ ਸ਼ਰਤਾਂ ਸਮੇਤ ‘ਖੁੱਲ੍ਹੀ ਬਹਿਸ’ ਵਿੱਚ ਸ਼ਮੂਲੀਅਤ ਦੀ ਗੱਲ ਆਖੀ ਸੀ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਵਿਰੋਧੀ ਧਿਰਾਂ ਪਹਿਲੀ ਨਵੰਬਰ ਨੂੰ ਆਪਣੇ ਵੱਖਰੇ ਪ੍ਰੋਗਰਾਮ ਦੇ ਸਕਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਣੀਆਂ ਦੇ ਮੁੱਦੇ ’ਤੇ ‘ਖੁੱਲ੍ਹੀ ਬਹਿਸ’ ਦੀ ਚੁਣੌਤੀ ਦਿੱਤੇ ਜਾਣ ਨਾਲ ਪੰਜਾਬ ਦੀ ਸਿਆਸਤ ’ਚ ਉਬਾਲ ਆ ਗਿਆ ਹੈ। ਮੁੱਖ ਮੰਤਰੀ ਨੇ ਅੱਜ ਮੁੜ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਉੱਤੇ ਹੰਝੂ ਵਹਾਉਣ ਤੋਂ ਪਹਿਲਾਂ ਆਪਣੇ ਪੁਰਖਿਆਂ ਵੱਲੋਂ ਪੰਜਾਬ ਨਾਲ ਕੀਤੀ ਗ਼ੱਦਾਰੀ ਨੂੰ ਜ਼ਰੂਰ ਚੇਤੇ ਰੱਖਣ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਦੇ ਵੱਡ-ਵਡੇਰਿਆਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਦਾ ਨਾ-ਮੁਆਫੀਯੋਗ ਗੁਨਾਹ ਕਰਕੇ ਪੰਜਾਬ ਅਤੇ ਇੱਥੋਂ ਦੀ ਨੌਜਵਾਨ ਪੀੜ੍ਹੀ ਦੇ ਰਾਹ ਵਿੱਚ ਕੰਡੇ ਬੀਜੇ ਹੋਏ ਹਨ। ਆਪਣੇ ਨਿੱਜੀ ਮੁਫ਼ਾਦ ਦੀ ਖ਼ਾਤਰ ਇਨ੍ਹਾਂ ਸਿਆਸਤਦਾਨਾਂ ਨੇ ਇਸ ਨਹਿਰ ਦੀ ਉਸਾਰੀ ਲਈ ਸਹਿਮਤੀ ਦਿੱਤੀ ਤੇ ਯੋਜਨਾਬੰਦੀ ਨੂੰ ਅਮਲੀ ਰੂਪ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਪੂਰੀ ਵਿੱਚ ਐੱਸਵਾਈਐੱਲ ਨਹਿਰ ਦੇ ਨਿਰਮਾਣ ਲਈ ਟੱਕ ਲਾਉਣ ਦੀ ਰਸਮ ਅਦਾ ਕੀਤੀ ਸੀ ਤਾਂ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਬਲਰਾਮ ਜਾਖੜ (ਸੁਨੀਲ ਜਾਖੜ ਦੇ ਪਿਤਾ) ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਇਸ ਨਹਿਰ ਦੇ ਸਰਵੇ ਦੀ ਇਜਾਜ਼ਤ ਦੇਣ ਲਈ ਉਸ ਮੌਕੇ ਪੰਜਾਬ ਦੇ ਆਪਣੇ ਹਮਰੁਤਬਾ ਪ੍ਰਕਾਸ਼ ਸਿੰਘ ਬਾਦਲ ਦੇ ਸੋਹਲੇ ਗਾਏ ਸਨ। ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਨਵੰਬਰ ਨੂੰ ਹੋਣ ਵਾਲੀ ਬਹਿਸ ਵਿੱਚ ਗੁਰੂਗ੍ਰਾਮ (ਗੁੜਗਾਉਂ) ਵਾਲੇ ਓਬਰਾਏ ਹੋਟਲ ਦੇ ਦਸਤਾਵੇਜ਼ ਲਿਆਉਣ ਲਈ ਵੀ ਵੰਗਾਰਿਆ। ਉਨ੍ਹਾਂ ਨੇ ਇਨ੍ਹਾਂ ਨੇਤਾਵਾਂ ਨੂੰ ਬਹਿਸ ਵਿੱਚ ਸਮਝੌਤੇ ਦੇ ਕਾਗ਼ਜ਼-ਪੱਤਰ ਲਿਆਉਣ ਦੀ ਚੁਣੌਤੀ ਦਿੱਤੀ ਜਿਹੜੇ ਸਮਝੌਤੇ ਉਨ੍ਹਾਂ ਦੇ ਪੁਰਖਿਆਂ ਨੇ ਪੰਜਾਬੀਆਂ ਨੂੰ ਧੋਖਾ ਦੇ ਕੇ ਕੀਤੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਅਤੇ ਉਹ ਹਰ ਹਾਲ ਵਿੱਚ ਪਾਣੀਆਂ ਦੀ ਰਾਖੀ ਕਰਨਗੇ।

Advertisement

ਮੁੱਖ ਮੰਤਰੀ ਪਹਿਲਾਂ ਸਟੈਂਡ ਸਪੱਸ਼ਟ ਕਰਨ: ਬਾਜਵਾ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਐੱਸਵਾਈਐੱਲ ਦੇ ਸਰਵੇਖਣ ਤੋਂ ਪਹਿਲਾਂ ਆਪਣੀ ਪਾਰਟੀ ਅਤੇ ਸਰਕਾਰ ਦਾ ਸਟੈਂਡ ਸਪਸ਼ਟ ਕਰਨ। ਉਨ੍ਹਾਂ ਸਵਾਲ ਕੀਤਾ ਕਿ ਸੁਪਰੀਮ ਕੋਰਟ ਵਿਚ ਪਾਣੀਆਂ ’ਤੇ ਪੰਜਾਬ ਸਰਕਾਰ ਦੀ ਕਾਨੂੰਨੀ ਟੀਮ ਨੇ ਪੱਖ ਕਮਜ਼ੋਰ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਦੀ ਲੁੱਟ ਹੋ ਰਹੀ ਹੈ ਅਤੇ ਮੁੱਖ ਮੰਤਰੀ ਪੰਜਾਬ ਨੂੰ ਸੁੰਨਾ ਛੱਡ ਕੇ ਪਾਰਟੀ ਸੁਪਰੀਮੋ ਨੂੰ ਦੂਸਰੇ ਰਾਜਾਂ ਵਿਚ ਜਹਾਜ਼ਾਂ ’ਤੇ ਘੁੰਮਾ ਰਹੇ ਹਨ। ਕੀ ਇਹ ਖ਼ਜ਼ਾਨੇ ਦੀ ਲੁੱਟ ਨਹੀਂ ?

Advertisement
Author Image

sukhwinder singh

View all posts

Advertisement
Advertisement
×