ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਡਾ. ਬਲਰਾਮ ਸ਼ਰਮਾ ਦਾ ਸਨਮਾਨ
ਖੰਨਾ: ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ ਪੰਜਾਬ ਸਕੱਤਰੇਤ ਸਾਹਿਤ ਸਭਾ ਅਤੇ ਮੁੱਲਾਂਪੁਰ ਗਰੀਬਦਾਸ ਦੇ ਵਾਸੀਆਂ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਲਕੀਅਤ ਸਿੰਘ ਔਜਲਾ ਦੀ ਸੰਪਾਦਿਤ ਪੁਸਤਕ ‘ਉੱਘੇ ਸੁਤੰਤਰਤਾ ਸੰਗਰਾਮੀ ਦੀ ਜੀਵਨ ਗਾਥਾ-ਮਹਿਮਾ ਸਿੰਘ ਧਾਲੀਵਾਲ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਖੰਨਾ ਦੇ ਨੈਸ਼ਨਲ ਐਵਾਰਡੀ ਲੈਕਚਰਾਰ ਡਾ.ਬਲਰਾਮ ਸ਼ਰਮਾ ਨੇ ਵਿਸ਼ੇਸ਼ ਬੁਲਾਰੇ ਵਜੋਂ ਧਾਲੀਵਾਲ ਦੇ ਸੰਦਰਭ ਵਿਚ ਲਿਖੀ ਪੁਸਤਕ ਅਤੇ ਉਨ੍ਹਾਂ ਦੇ ਜੀਵਨ ਸਬੰਧੀ ਭਾਸ਼ਨ ਦਿੱਤਾ। ਉਨ੍ਹਾਂ ਕਿਹਾ ਕਿ ਧਾਲੀਵਾਲ ਦਾ ਜੀਵਨ ਭਾਰਤ ਦੀ ਆਜ਼ਾਦੀ ਅਤੇ ਸੁੰਤਤਰ ਭਾਰਤ ਵਿਚਲੀਆਂ ਬੁਰਾਈਆਂ ਤੇ ਊਣਤਾਈਆਂ ਖਿਲਾਫ਼ ਆਪਣੀ ਹੀ ਸਰਕਾਰ ਵਿਰੁੱਧ ਲੜਨ ਦੀ ਦੋਹਰੇ ਸੰਘਰਸ਼ ਦੀ ਕਹਾਣੀ ਹੈ।
ਉਨ੍ਹਾਂ ਦੇਸ਼ ਦੀ ਅਜ਼ਾਦੀ ਲਈ ਜੇਲ੍ਹਾਂ ਕੱਟਣਾ, ਨਜ਼ਰਬੰਦ ਰਹਿਣ, 1947 ਦੀ ਵੰਡ ਦੌਰਾਨ ਆਪਣੇ ਪਿੰਡ ਵਿਚ ਕੋਈ ਦੰਗਾ ਫਸਾਦ ਨਾ ਹੋਣ ਦੇਣਾ, ਮਾਤਾ ਗੁਜਰੀ ਲਾਇਬ੍ਰੇਰੀ ਦੀ ਸਥਾਪਨਾ ਕਰਨਾ, ਪੇਂਡੂ ਸਿੱਖਆ ਤੇ ਵਿਦਿਆਰਥੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਸੰਘਰਸ਼ ਕਰਨਾ ਅਹਿਮ ਪ੍ਰਾਪਤੀਆਂ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇਜਦੀਪ ਸਿੰਘ ਸੈਣੀ ਪੀਸੀਐਸ ਸੰਯੁਕਤ ਸਕੱਤਰ ਪੰਜਾਬ ਸਰਕਾਰ, ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ, ਪਿੰ੍ਰਸੀਪਲ ਬਹਾਦਰ ਸਿੰਘ ਗੋਸਲ, ਗੁਰਮੀਤ ਸਿੰਘ ਜੌੜਾ, ਭਗਤ ਰਾਮ ਰੰਗਾਡਾ, ਬਲਵੀਰ ਸਿੰਘ ਢੋਲ ਵੱਲੋਂ ਡਾ.ਬਲਰਾਮ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਸਾਹਨੇਵਾਲੀਆ, ਚਰਨਜੀਤ ਸਿੰਘ ਧਾਲੀਵਾਲ, ਅਰਵਿੰਦ ਪੁਰੀ, ਲੋਕਨਾਥ ਸ਼ਰਮਾ, ਬਲਜੀਤ ਸਿੰਘ, ਰਵਿੰਦਰਪਾਲ ਕੌਰ, ਗੁਰਦਰਸ਼ਨ ਸਿੰਘ, ਧਿਆਨ ਸਿੰਘ ਕਾਹਲੋਂ, ਜਤਿੰਦਰ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ