ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਵਕਫ਼ ਬੋਰਡ ਪਾਏਗਾ ਰਸੂਖਵਾਨਾਂ ਨੂੰ ਹੱਥ!

04:04 AM Apr 08, 2025 IST

Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 7 ਅਪਰੈਲ

Advertisement

ਪੰਜਾਬ ਵਕਫ਼ ਬੋਰਡ ਨੇ ਸੂਬੇ ’ਚ ਵਕਫ਼ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ‘ਆਪ’ ਸਰਕਾਰ ਵੱਲੋਂ ਗਠਿਤ ਨਵੇਂ ‘ਪੰਜਾਬ ਵਕਫ਼ ਬੋਰਡ’ ਦੀ ਅੱਜ ਹੋਈ ਮੀਟਿੰਗ ’ਚ ਇਹ ਫ਼ੈਸਲਾ ਹੋਇਆ ਕਿ ਪੰਜਾਬ ਵਿੱਚ ਕਬਜ਼ਾਕਾਰਾਂ ਅਤੇ ਕਿਰਾਇਆ ਨਾ ਉਤਾਰਨ ਵਾਲੇ ਕਿਰਾਏਦਾਰਾਂ/ਪਟੇਦਾਰਾਂ ਨੂੰ ਨੋਟਿਸ ਦਿੱਤੇ ਜਾਣ। ਪੰਜਾਬ ਵਕਫ਼ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਮੀਟਿੰਗ ਵਿਚ ਕਾਨੂੰਨੀ ਮਾਹਿਰਾਂ ਨੂੰ ਬੁਲਾਇਆ ਗਿਆ ਸੀ, ਜਿਨ੍ਹਾਂ ਦੇ ਕਾਨੂੰਨੀ ਮਸ਼ਵਰੇ ਮਗਰੋਂ ਵਕਫ਼ ਜ਼ਮੀਨਾਂ ’ਤੇ ਗ਼ੈਰਕਾਨੂੰਨੀ ਕਬਜ਼ਾ ਕਰਨ ਵਾਲਿਆਂ ਨੂੰ ਨੋਟਿਸ ਦੇਣ ਦਾ ਫ਼ੈਸਲਾ ਕੀਤਾ ਗਿਆ। ਅੱਜ ਪੰਜਾਬ ਵਕਫ਼ ਬੋਰਡ ਦੀ ਮੀਟਿੰਗ ਵਿੱਚ ‘ਵਕਫ਼ ਸੋਧ ਐਕਟ 2024’ ਦੇ ਮੱਦੇਨਜ਼ਰ ਬੁਲਾਈ ਗਈ ਸੀ।

ਪੰਜਾਬ ਵਿੱਚ ਇਸ ਵੇਲੇ ਕੁੱਲ 75,965 ਸੰਪਤੀਆਂ (ਯੂਨਿਟ) ਹਨ, ਜਿਨ੍ਹਾਂ ’ਚੋਂ ਕਰੀਬ 42 ਹਜ਼ਾਰ ਸੰਪਤੀਆਂ ਨਾਜਾਇਜ਼ ਕਬਜ਼ੇ ਹੇਠ ਹਨ। ਵਕਫ਼ ਬੋਰਡ ਨੇ ਰਸੂਖਵਾਨਾਂ ਨੂੰ ਵੀ ਹੱਥ ਪਾਉਣ ਦੀ ਤਿਆਰੀ ਖਿੱਚ ਲਈ ਹੈ। ਵਕਫ਼ ਬੋਰਡ ਦੀ ਮੀਟਿੰਗ ’ਚ ਸਾਹਮਣੇ ਆਇਆ ਕਿ ਪੰਜਾਬ ਵਿੱਚ 19,782 ਕਿਰਾਏਦਾਰ/ਪਟੇਦਾਰ ਅਜਿਹੇ ਹਨ, ਜਿਨ੍ਹਾਂ ਵੱਲੋਂ ਬਣਦਾ ਕਿਰਾਇਆ ਜਾਂ ਪਟਾਰਾਸ਼ੀ ਨਹੀਂ ਉਤਾਰੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੂੰ ਨੋਟਿਸ ਦਿੱਤੇ ਜਾਣਗੇ। ਪਤਾ ਲੱਗਿਆ ਹੈ ਕਿ ਕਾਫ਼ੀ ਗਿਣਤੀ ਵਿੱਚ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਵੀ ਜਾ ਚੁੱਕੇ ਹਨ।

ਪੰਜਾਬ ਵਿੱਚ ਇਸ ਵੇਲੇ ਕਰੀਬ 36,622 ਏਕੜ ਵਕਫ਼ ਜ਼ਮੀਨਾਂ ਹਨ। ਵਕਫ਼ ਬੋਰਡ ਦਾ ਅੰਦਾਜ਼ਾ ਹੈ ਕਿ ਵਕਫ਼ ਸੰਪਤੀਆਂ ਤੋਂ ਸਾਲਾਨਾ 300 ਕਰੋੜ ਰੁਪਏ ਦੀ ਆਮਦਨ ਹੋ ਸਕਦੀ ਹੈ ਜਦਕਿ ਪਿਛਲੇ ਸਾਲ ਸਿਰਫ਼ 57 ਕਰੋੜ ਦੀ ਕਮਾਈ ਹੋਈ ਹੈ। ਪੰਜਾਬ ਵਿੱਚ ਜ਼ਿਲ੍ਹਾ ਬਠਿੰਡਾ ਵਿੱਚ ਸਭ ਤੋਂ ਵੱਧ 10 ਹਜ਼ਾਰ ਵਕਫ਼ ਸੰਪਤੀਆਂ ਹਨ, ਜਿਨ੍ਹਾਂ ’ਤੇ ਸਭ ਤੋਂ ਵੱਧ ਨਾਜਾਇਜ਼ ਕਬਜ਼ੇ ਹਨ। ਜ਼ਿਲ੍ਹਾ ਮੁਹਾਲੀ ਵਿੱਚ ਇੱਕ ਦੌਲਤਮੰਦ ਪੁਲੀਸ ਅਫ਼ਸਰ ਕੋਲ ਵੀ ਵਕਫ਼ ਦੀ ਸੰਪਤੀ ਹੈ ਅਤੇ ਇੱਕ ਬਿਲਡਰ ਨੇ ਵੀ ਵਕਫ਼ ਦੀ ਸੰਪਤੀ ਨੱਪੀ ਹੋਈ ਹੈ।

ਸੂਤਰਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਤਾਂ ਇੱਕ ਅਜਿਹੀ ਮਾਰਕੀਟ ਹੈ, ਜੋ ਵਕਫ਼ ਦੀ ਜ਼ਮੀਨ ’ਤੇ ਬਣੀ ਹੋਈ ਹੈ। ਉਸ ਦੀ ਮੌਜੂਦਾ ਮਾਰਕੀਟ ਕੀਮਤ ਇੱਕ ਹਜ਼ਾਰ ਕਰੋੜ ਤੋਂ ਜ਼ਿਆਦਾ ਹੋਵੇਗੀ। ਇਸ ਮਾਰਕੀਟ ਦਾ ਕੇਸ ਸੁਪਰੀਮ ਕੋਰਟ ’ਚੋਂ ਵਕਫ਼ ਬੋਰਡ ਜਿੱਤ ਵੀ ਚੁੱਕਾ ਹੈ। ਬਠਿੰਡਾ ਜ਼ਿਲ੍ਹੇ ਵਿੱਚ ਕਈ ਸੀਨੀਅਰ ਆਗੂਆਂ ਨੇ ਵੀ ਵਕਫ਼ ਸੰਪਤੀ ’ਤੇ ਕਬਜ਼ੇ ਜਮਾਏ ਹੋਏ ਹਨ। ਬਠਿੰਡਾ ਵਿੱਚ ਇਕ ਮਾਰਕੀਟ ਸੀਲ ਵੀ ਕੀਤੀ ਜਾ ਚੁੱਕੀ ਹੈ। ਹੁਸ਼ਿਆਰਪੁਰ ਵਿੱਚ ਵੀ ਵਕਫ਼ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਹਨ।

ਹਰ ਹਾਲ ’ਚ ਜ਼ਮੀਨਾਂ ਖਾਲੀ ਕਰਵਾਏਗਾ ਬੋਰਡ: ਜਮੀਲ ਉਰ ਰਹਿਮਾਨ\B

ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਤੇ ਮਾਲੇਰਕੋਟਲਾ ਤੋਂ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੇ ਮੀਟਿੰਗ ਮਗਰੋਂ ਦੱਸਿਆ ਕਿ ਵਕਫ਼ ਜਾਇਦਾਦਾਂ ’ਤੇ ਨੇਤਾਵਾਂ, ਸਾਬਕਾ ਤੇ ਮੌਜੂਦਾ ਸਿਵਲ ਅਤੇ ਪੁਲੀਸ ਅਧਿਕਾਰੀਆਂ ਨੇ ਕਬਜ਼ੇ ਕੀਤੇ ਹੋਏ ਹਨ। ਵਿਧਾਇਕ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਗੈਰ-ਕਾਨੂੰਨੀ ਕਬਜ਼ਿਆਂ ਤੋਂ ਅੱਖਾਂ ਫੇਰ ਲਈਆਂ ਸਨ ਪਰ ਹੁਣ ਪੰਜਾਬ ਵਕਫ਼ ਬੋਰਡ ਇਨ੍ਹਾਂ ਤਾਕਤਵਰ ਲੋਕਾਂ ਤੋਂ ਵਕਫ਼ ਦੀ ਜਾਇਦਾਦ ਖ਼ਾਲੀ ਕਰਾਏਗਾ ਅਤੇ ਇਸ ਵਾਸਤੇ ਚਾਹੇ ਕੁੱਝ ਵੀ ਕਰਨਾ ਪਵੇ।

Advertisement