ਪੰਜਾਬ ਯੂਨੀਵਰਸਿਟੀ ਦੇ ਰੋਜ਼ ਗਾਰਡਨ ਵਿੱਚ ਗੁਲਦਾਊਦੀ ਸ਼ੋਅ ਸ਼ੁਰੂ
ਕੁਲਦੀਪ ਸਿੰਘ
ਚੰਡੀਗੜ੍ਹ, 20 ਦਸੰਬਰ
ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਆਰਸੀ ਪਾਲ ਰੋਜ਼ ਗਾਰਡਨ ਵਿੱਚ ਗੁਲਦਾਊਦੀ ਸ਼ੋਅ ਅੱਜ ਸ਼ੁਰੂ ਹੋ ਗਿਆ, ਜਿਸ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਵੱਲੋਂ ਕੀਤਾ ਗਿਆ। ਪ੍ਰੋ. ਵਿੱਗ ਨੇ ਫੁੱਲਾਂ ਦੇ ਇਸ ਸ਼ੋਅ ਦੇ ਲਈ ਪੀਯੂ ਬਾਗਬਾਨੀ ਡਿਵੀਜ਼ਨ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਦਰਸ਼ਨੀ ਦੇ ਸਫ਼ਲ ਪ੍ਰਬੰਧਾਂ ਲਈ ਸਟਾਫ਼ ਨੂੰ ਵਧਾਈ ਦਿੱਤੀ।
ਹਾਰਟੀਕਲਚਰ ਦੇ ਸਹਾਇਕ ਇੰਜਨੀਅਰ ਅਮਨਦੀਪ ਸਿੰਗਲਾ ਨੇ ਪ੍ਰਦਰਸ਼ਨੀ ਵਿੱਚ ਮੌਜੂਦ ਲੋਕਾਂ ਨੂੰ ਜਾਣੂ ਕਰਵਾਇਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਬਾਗਬਾਨੀ ਵਿਭਾਗ ਵੱਲੋਂ ਇਹ 15ਵੀਂ ਪ੍ਰਦਰਸ਼ਨੀ ਲਗਾਈ ਗਈ ਹੈ ਜੋ ਕਿ ਫੁੱਲਾਂ ਦੀ ਮਹਿਕ ਬਿਖੇਰਨ ਦੇ ਨਾਲ-ਨਾਲ ਲੋਕਾਂ ਨੂੰ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਵੀ ਦਿੰਦੀ ਹੈ। ਇਸ ਪ੍ਰਦਰਸ਼ਨੀ ਵਿੱਚ ਲਗਭਗ 4 ਹਜ਼ਾਰ ਪੌਦਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਸਾਲ ਜੂਨ ਪੀਸ, ਕੋਕਾ ਬੰਮੀ, ਜਰਨੀ ਡਾਰਕ, ਸਨੋ ਬਾਲ, ਲਿਲੀਪੁਟ, ਲਾਲਪੜੀ, ਕੈਲਵਿਨ ਆਰੇਂਜ, ਕੈਸਾਗਰਾਂਡਾ, ਯੈਲੋ ਬੰਗਲਾ ਅਤੇ ਯੈਲੋ ਚਾਰਮ ਦੀਆਂ ਦਸ ਨਵੀਆਂ ਕਿਸਮਾਂ ਸ਼ਾਮਲ ਕੀਤੀਆਂ ਗਈਆਂ ਹਨ। ਪੁਣੇ ਅਤੇ ਨੌਨੀ ਦੀਆਂ ਵਿਸ਼ੇਸ਼ ਕਿਸਮਾਂ ਵੀ ਪ੍ਰਦਰਸ਼ਿਤ ਹੋਣਗੀਆਂ। ਸੈਲਾਨੀਆਂ ਨੇ ਇਨ੍ਹਾਂ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਪ੍ਰਬੰਧਾਂ ਅਤੇ ਫੁਹਾਰਿਆਂ ਨਾਲ ਆਪਣੀਆਂ ਤਸਵੀਰਾਂ ਖਿੱਚਦੇ ਵੇਖੇ ਗਏ। ਪ੍ਰਦਰਸ਼ਨੀ ਵਿੱਚ ਪ੍ਰੋ. ਯੋਜਨਾ ਰਾਵਤ, ਖੋਜ ਅਤੇ ਵਿਕਾਸ ਸੈੱਲ, ਸਾਬਕਾ ਵਾਈਸ ਚਾਂਸਲਰ ਪ੍ਰੋ. ਆਰ.ਸੀ. ਸੋਬਤੀ, ਸਕੱਤਰ ਪ੍ਰੋ. ਕ੍ਰਿਸ਼ਨ ਕੁਮਾਰ, ਡੀਨ ਵਿਦਿਆਰਥੀ ਭਲਾਈ ਡਾ. ਅਮਿਤ ਚੌਹਾਨ, ਐਸੋਸੀਏਟ ਡੀਨ ਵਿਦਿਆਰਥੀ ਭਲਾਈ ਪ੍ਰੋ. ਨਰੇਸ਼ ਕੁਮਾਰ, ਕਾਰਜਕਾਰੀ ਇੰਜਨੀਅਰ ਅਨਿਲ ਠਾਕੁਰ, ਡਾਇਰੈਕਟਰ ਵਿਨੀਤ ਪੁਨੀਆ, ਪੂਟਾ ਪ੍ਰਧਾਨ ਡਾ. ਅਮਰਜੀਤ ਸਿੰਘ ਨੌਰਾ, ਵਿਦਿਆਰਥੀ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਨੇ ਵੀ ਹਾਜ਼ਰੀ ਭਰੀ।
ਧਨਖੜ ਦੀ ’ਵਰਸਿਟੀ ਫੇਰੀ ਮੌਕੇ ਪੁਤਲੇ ਫੂਕਣ ਦਾ ਐਲਾਨ
ਪੰਜਾਬ ਯੂਨੀਵਰਸਿਟੀ ਵਿੱਚ ਭਲਕੇ 21 ਦਸੰਬਰ ਨੂੰ ਗਲੋਬਲ ਐਲੂਮਨੀ ਮੀਟ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆ ਰਹੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੀਟਿੰਗ ਕਰਵਾਉਣ ਦੀ ਮੰਗ ਅੱਜ ਅਥਾਰਿਟੀ ਵੱਲੋਂ ਠੁਕਰਾ ਦਿੱਤੀ ਗਈ, ਜਿਸ ਕਰਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਭਲਕੇ ਸਟੂਡੈਂਟਸ ਸੈਂਟਰ ਉਤੇ ਧਨਖੜ ਅਤੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਦੇ ਪੁਤਲੇ ਫੂਕਣ ਦਾ ਐਲਾਨ ਕਰ ਦਿੱਤਾ ਗਿਆ ਹੈ। ਮੋਰਚੇ ਦੇ ਆਗੂਆਂ ਵਿੱਚ ‘ਸੱਥ’ ਤੋਂ ਰਿਮਲਜੋਤ ਸਿੰਘ, ਅਰਸ਼ਦੀਪ ਸਿੰਘ, ਪੰਜਾਬਨਾਮੇ ਤੋਂ ਗਗਨ, ਏ.ਐੱਸ.ਐੱਫ. ਤੋਂ ਗੁਰਦੀਪ ਸਿੰਘ ਆਦਿ ਨੇ ਦੱਸਿਆ ਕਿ ਮੋਰਚੇ ਦਾ ਸੰਘਰਸ਼ ਪਿਛਲੇ 61 ਦਿਨਾਂ ਤੋਂ ਲਗਾਤਾਰ ਜਾਰੀ ਹੈ। ਅਥਾਰਿਟੀ ਵੱਲੋਂ ਸੈਨੇਟ ਚੋਣਾਂ ਨਾ ਕਰਵਾਉਣ ਅਤੇ ਯੂਨੀਵਰਸਿਟੀ ਦੇ ਕੇਂਦਰੀਕਰਨ ਦੀ ਸਾਜ਼ਿਸ਼ ਲਈ ਯੂਨੀਵਰਸਿਟੀ ਦੇ ਚਾਂਸਲਰ ਜਗਦੀਪ ਧਨਖੜ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਕਿਉਂਕਿ ਉਹ ਸੈਨੇਟ ਚੋਣਾਂ ਦੀ ਮਨਜ਼ੂਰੀ ਨਹੀਂ ਦੇ ਰਹੇ। ਪ੍ਰੰਤੂ ਭਲਕੇ 21 ਦਸੰਬਰ ਨੂੰ ਉਹ ਕੈਂਪਸ ਵਿੱਚ ਹੋ ਰਹੀ ਐਲੂਮਨੀ ਮੀਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਆ ਰਹੇ ਹਨ ਅਤੇ ਮੋਰਚੇ ਦੀ ਪੰਜ ਮੈਂਬਰੀ ਕਮੇਟੀ ਉਨ੍ਹਾਂ ਨਾਲ ਮੁਲਾਕਾਤ ਦਾ ਸਮਾਂ ਮੰਗ ਰਹੀ ਸੀ। ਵਿਦਿਆਰਥੀਆਂ ਦੀ ਇਸ ਜਾਇਜ਼ ਮੰਗ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਣਡਿੱਠਾ ਕੀਤਾ ਗਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਅੱਜ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਆਪ ਮੁਹਾਰੇ ਮੋਰਚੇ ਦੇ ਡੈਲੀਗੇਟਸ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਅਤੇ ਨਿਰਾਸ਼ਾਜਨਕ ਅਤੇ ਨਿੰਦਣਯੋਗ ਗੱਲ ਇਹ ਰਹੀ ਕਿ ਮੀਟਿੰਗ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੜਾ ਤਲਖੀ ਵਾਲਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਇਹ ਫੈਸਲਾ ਲਿਆ ਹੈ ਕਿ ਕੱਲ੍ਹ 21 ਦਸੰਬਰ ਨੂੰ ਦੁਪਹਿਰ ਸਮੇਂ ਸਟੂਡੈਂਟਸ ਸੈਂਟਰ ਵਿੱਚ ਚਾਂਸਲਰ ਜਗਦੀਪ ਧਨਖੜ ਅਤੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਦੇ ਪੁਤਲੇ ਫੂਕੇ ਜਾਣਗੇ।