ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ
ਖੇਤਰੀ ਪ੍ਰਤੀਨਿਧ
ਬਰਨਾਲਾ, 16 ਅਗਸਤ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹੱਲ ਨਾ ਕਰਨ ਦੇ ਵਿਰੋਧ ਵਿੱਚ ਸੰਘਰਸ਼ ਨੂੰ ਤੇਜ਼ ਕਰਦਿਆਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਜ਼ਿਮਨੀ ਚੋਣਾਂ ਵਾਲੇ ਹਲਕਿਆਂ ਵਿੱਚ ਖੇਤਰੀ ਰੈਲੀਆਂ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਕੀਤੀ ਜਾਣ ਵਾਲੀ ਰੈਲੀ ਦੀ ਤਿਆਰੀ ਸਬੰਧੀ ਸਾਂਝਾ ਫਰੰਟ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਡੀਸੀ ਕੰਪਲੈਕਸ ਵਾਲੇ ਵਾਟਰ ਵਰਕਸ ਵਿੱਚ ਸੁਖਜੰਟ ਸਿੰਘ, ਮਨੋਹਰ ਲਾਲ, ਸ਼ਿੰਦਰ ਸਿੰਘ ਧੌਲਾ, ਖੁਸ਼ਮਿੰਦਰਪਾਲ ਹੰਡਿਆਇਆ, ਦਰਸ਼ਨ ਚੀਮਾ, ਰਮੇਸ਼ ਹਮਦਰਦ ਦੀ ਅਗਵਾਈ ਵਿੱਚ ਹੋਈ।
ਇਸ ਸਬੰਧੀ ਬਲਜਿੰਦਰ ਪ੍ਰਭੂ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਸਣੇ ਪਾਰਟੀ ਦੇ ਸਾਰੇ ਆਗੂ ਚੋਣਾਂ ਤੋਂ ਪਹਿਲਾਂ ਮੁਲਾਜ਼ਮ/ ਪੈਨਸ਼ਨਰ ਮੰਗਾਂ ਸਬੰਧੀ ਰੈਲੀਆਂ ਵਿੱਚ ਆ ਕੇ ਮੰਗਾਂ ਦੀ ਹਿਮਾਇਤ ਕਰਦੇ ਸਨ। ਸਰਕਾਰ ਬਣਨ ’ਤੇ ਤੁਰੰਤ ਇਨ੍ਹਾਂ ਮੰਗਾਂ ਨੂੰ ਹੱਲ ਕਰਨ ਦੇ ਦਾਅਵੇ ਕਰਦੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਸਾਂਝੇ ਫਰੰਟ ਨੂੰ ਮੀਟਿੰਗ ਦਾ ਸਮਾਂ ਦੇਣ ਵਿੱਚ ਦੋ ਸਾਲ ਲੰਘਾ ਦਿੱਤੇ ਅਤੇ ਟਾਲਮਟੋਲ ਜਾਰੀ ਹੈ। ਇਸ ਕਾਰਨ ਜ਼ਿਮਨੀ ਚੋਣਾਂ ਮੌਕੇ ਸੱਤਧਾਰੀ ਉਮੀਦਵਾਰਾਂ ਵਿਰੁੱਧ ਪ੍ਰਚਾਰ ਕੀਤਾ ਜਾਵੇਗਾ। ਮੰਗਾਂ ਸਬੰਧੀ 18 ਅਗਸਤ ਨੂੰ ਸਥਾਨਕ ਦਾਣਾ ਮੰਡੀ ਵਿੱਚ ਕੀਤੀ ਜਾ ਰਹੀ ਰੈਲੀ ਸਬੰਧੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਪਟਿਆਲਾ, ਲੁਧਿਆਣਾ, ਮੋਗਾ, ਮੁਕਤਸਰ, ਸੰਗਰੂਰ, ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰ ਸ਼ਾਮਲ ਹੋਣਗੇ। ਆਗੂਆਂ ਚਿਤਾਵਨੀ ਵੀ ਦਿੱਤੀ ਕਿ ਜੇ ਮੁੱਖ ਮੰਤਰੀ ਵਲੋਂ ਹੁਣ ਨਿਸ਼ਚਿਤ 22 ਅਗਸਤ ਦੀ ਮੀਟਿੰਗ ਨਹੀਂ ਕੀਤੀ ਜਾਂਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।