ਪੱਤਰ ਪ੍ਰੇਰਕਸਮਰਾਲਾ, 1 ਜਨਵਰੀਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਅਤੇ ਤਹਿਸੀਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਇਥੇ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਤਹਿਸੀਲ ਪ੍ਰਧਾਨ ਨੰਬਰਦਾਰ ਰਣਜੀਤ ਸਿੰਘ ਢਿੱਲਵਾਂ ਤੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਨੇ ਸਮੂਹ ਨੰਬਰਦਾਰਾਂ, ਦੇਸ਼ ਵਿਦੇਸ਼ ਵਸਦੇ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਸੰਸਾਰ ਅੰਦਰ ਅਮਨ ਸ਼ਾਂਤੀ ਬਣੀ ਰਹੇ।ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਪਿਛਲੇ 11 ਮਹੀਨਿਆਂ ਤੋਂ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨਾਂ ਦੀ ਪੁਰਜ਼ੋਰ ਹਮਾਇਤ ਕਰਦੇ ਹਨ ਤੇ ਪਿਛਲੇ 37 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਨ ਅਤੇ ਪੰਜਾਬ ਤੇ ਕੇਂਦਰ ਸਰਕਾਰ ਦੋਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਜਲਦੀ ਤੋਂ ਜਲਦੀ ਯੋਗ ਹੱਲ ਲੱਭ ਕੇ ਡੱਲੇਵਾਲ ਦਾ ਮਰਨ ਵਰਤ ਤੁੜਵਾਇਆ ਜਾਵੇ। ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਨੇ ਕਿਹਾ ਕਿ ਉਹ ਉਮੀਦ ਪ੍ਰਗਟ ਕਰਦੇ ਹਨ ਕਿ ਇਸ ਸਾਲ ਵਿੱਚ ਪੰਜਾਬ ਸਰਕਾਰ ਨੰਬਰਦਾਰਾਂ ਦੀਆਂ ਮੁੱਢਲੀਆਂ ਅਤੇ ਅਤੀ ਜਰੂਰੀ ਮੰਗਾਂ ਮੰਨ ਕੇ ਨੰਬਰਦਾਰਾਂ ਨਾਲ ਇਨਸਾਫ ਕਰੇਗੀ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਨੰਬਰਦਾਰ ਹਾਕਮ ਸਿੰਘ ਹੇੜੀਆਂ ਵਾਈਸ ਪ੍ਰਧਾਨ, ਬਲਵਿੰਦਰ ਸਿੰਘ ਖੀਰਨੀਆਂ, ਅਮਰੀਕ ਸਿੰਘ ਮਾਣਕੀ, ਗੁਰਪ੍ਰੀਤ ਸਿੰਘ ਬੌਂਦਲੀ, ਪ੍ਰਕਾਸ਼ ਸਿੰਘ ਢੰਡੇ ਕੈਸ਼ੀਅਰ, ਭੀਮ ਸਿੰਘ ਗਗੜਾ ਤੇ ਸਮਰਾਲਾ ਤਹਿਸੀਲ ਦੇ ਹੋਰ ਨੰਬਰਦਾਰ ਵੀ ਹਾਜ਼ਰ ਸਨ।