ਪੰਜਾਬ ਨੇ ਹਰਿਆਣਾ ਦਾ ਪਾਣੀ ਰੋਕ ਕੇ ਅਨੈਤਿਕ ਤੇ ਅਣਮਨੁੱਖੀ ਵਿਵਹਾਰ ਕੀਤਾ: ਕੁਲਦੀਪ ਬਿਸ਼ਨੋਈ
ਦਵਿੰਦਰ ਸਿੰਘ
ਯਮੁਨਾਨਗਰ, 27 ਮਈ
ਭਿਵਾਨੀ ਅਤੇ ਹਿਸਾਰ ਤੋਂ ਰਹੇ ਸੰਸਦ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਕੁਲਦੀਪ ਬਿਸ਼ਨੋਈ ਅੱਜ ਇੱਥੇ ਯਮੁਨਾਨਗਰ ਪਹੰਚੇ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਵੱਖ-ਵੱਖ ਖੇਤਰਾਂ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕਰ ਰਹੇ ਹਨ ਜਿਸ ਦੌਰਾਨ ਉਨ੍ਹਾਂ ਨੂੰ ਆਪਣੇ ਪੁਰਾਣੇ ਸਾਥੀਆਂ ਦੇ ਨਾਲ-ਨਾਲ ਆਮ ਲੋਕਾਂ ਦਾ ਅਥਾਹ ਪਿਆਰ, ਸਮਰਥਨ ਅਤੇ ਸਹਿਯੋਗ ਨਾਲ ਮਿਲ ਰਿਹਾ ਹੈ। ਉਨ੍ਹਾਂ ਦਾ ਪਿਆਰ ਅਤੇ ਸਤਿਕਾਰ ਦੇਖ ਕੇ ਦਿਲ ਬਹੁਤ ਭਾਵੁਕ ਹੋ ਜਾਂਦਾ ਹੈ ਕਿ ਅੱਜ ਵੀ ਸਾਡੇ ਸਾਥੀ ਹਰ ਜਗ੍ਹਾ ਸਾਡੇ ਨਾਲ ਉਸੇ ਤਰ੍ਹਾਂ ਖੜ੍ਹੇ ਹਨ ਜਿਵੇਂ ਉਹ ਪਹਿਲਾਂ ਖੜ੍ਹੇ ਸਨ। ਉਨ੍ਹਾਂ ਕਿਹਾ ਕਿ ਵਰਕਰ ਸਾਡੀ ਅਸਲ ਤਾਕਤ ਹਨ ਅਤੇ ਵਰਕਰਾਂ ਦਾ ਪਿਆਰ ਹੀ ਉਸ ਦੀ ਪਛਾਣ ਹੈ । ਯਮੁਨਾਨਗਰ ਸਥਿਤ ਸੰਜੀਵ ਮਣੀ ਦੇ ਨਿਵਾਸ ਸਥਾਨ ’ਤੇ ਪਾਰਟੀ ਵਰਕਰਾਂ ਨੇ ਕੁਲਦੀਪ ਬਿਸ਼ਨੋਈ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੇ ਹਰਿਆਣਾ ਦਾ ਪਾਣੀ ਰੋਕ ਕੇ ਅਨੈਤਿਕ ਅਤੇ ਅਣਮਨੁੱਖੀ ਕੰਮ ਕੀਤਾ ਹੈ। ਦੋਵਾਂ ਰਾਜਾਂ ਵਿਚਕਾਰ ਪਾਣੀ ਵਿਵਾਦ ਉਦੋਂ ਹੀ ਸਥਾਈ ਤੌਰ ‘ਤੇ ਹੱਲ ਹੋਵੇਗਾ ਜਦੋਂ ਹਰਿਆਣਾ ਨੂੰ ਹਰਿਆਣਾ ਦੀ ਜੀਵਨ ਰੇਖਾ, ਐੱਸਵਾਈਐੱਲ ਤੋਂ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਐੱਸਵਾਈਐੱਲ ਦਾ ਪਾਣੀ ਲਿਆਉਣ ਲਈ, ਸਾਬਕਾ ਮੁੱਖ ਮੰਤਰੀ ਸਵਰਗੀ ਚੌਧਰੀ ਭਜਨ ਲਾਲ ਨੇ ਸੱਚਾ ਸੰਘਰਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੀ ਕਪੂਰੀ ਪਿੰਡ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਨਹਿਰ ਦਾ ਨੀਂਹ ਪੱਥਰ ਰਖਵਾਇਆ ਸੀ ਅਤੇ ਬਾਅਦ ਵਿੱਚ ਅਦਾਲਤਾਂ ਵਿੱਚ ਹਰਿਆਣਾ ਦੇ ਹਿੱਤਾਂ ਦੀ ਜ਼ੋਰਦਾਰ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਵੀ ਇਸ ਮੁੱਦੇ ਪ੍ਰਤੀ ਗੰਭੀਰ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਕਿਸਾਨਾਂ ਨੂੰ ਹਰਿਆਣਾ ਦੇ ਹਿੱਸੇ ਦਾ ਪਾਣੀ ਮਿਲੇਗਾ ।