For the best experience, open
https://m.punjabitribuneonline.com
on your mobile browser.
Advertisement

ਪੰਜਾਬ ਨੂੰ ਨਿਹੱਥਾ ਕਰਨ ਦੇ ਰਾਹ ਪਿਆ ਕੇਂਦਰ : ਭਗਵੰਤ ਮਾਨ

08:35 AM Nov 29, 2023 IST
ਪੰਜਾਬ ਨੂੰ ਨਿਹੱਥਾ ਕਰਨ ਦੇ ਰਾਹ ਪਿਆ ਕੇਂਦਰ   ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਸਦਨ ’ਚ ਸੰਬੋਧਨ ਕਰਦੇ ਹੋਏ। -ਫੋਟੋ:ਵਿੱਕੀ ਘਾਰੂ
Advertisement

ਮੁੱਖ ਮੰਤਰੀ ਦਾ ਰਾਜਪਾਲ ਪ੍ਰਤੀ ਨਜ਼ਰੀਆ ਬਦਲਿਆ

ਚਰਨਜੀਤ ਭੁੱਲਰ
ਚੰਡੀਗੜ੍ਹ, 28 ਨਵੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗੈਰ ਭਾਜਪਾ ਸੂਬਿਆਂ ਅਤੇ ਖ਼ਾਸ ਕਰਕੇ ਸਰਹੱਦੀ ਸੂਬੇ ਪੰਜਾਬ ਨੂੰ ਹਰ ਮੁਹਾਜ਼ ’ਤੇ ਫ਼ੇਲ੍ਹ ਕਰਨ ਦੇ ਰਾਹ ਪਈ ਹੈ।

Advertisement

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵਿਧਾਇਕ।

ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਨਿਹੱਥਾ ਕਰਨ ਲਈ ਕੇਂਦਰ ਇਨ੍ਹਾਂ ਤੋਂ ਆਰਥਿਕ ਤਾਕਤਾਂ ਖੋਹ ਰਿਹਾ ਹੈ। ਮੁੱਖ ਮੰਤਰੀ ਦਾ ਸਦਨ ਵਿੱਚ ਅੱਜ ਦਾ ਭਾਸ਼ਣ ਸੰਜਮੀ ਅਤੇ ਮੁੱਦਾ ਅਧਾਰਿਤ ਸੀ। ਉਨ੍ਹਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪ੍ਰਤੀ ਆਪਣਾ ਸਨੇਹ ਵੀ ਦਿਖਾਇਆ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਸਾਰਥਿਕ ਆਲੋਚਨਾ ਦਾ ਸੱਦਾ ਦਿੱਤਾ। ਮੁੱਖ ਮੰਤਰੀ ਦੀ ਸਦਨ ਵਿੱਚ ਹਾਜ਼ਰੀ ਦੌਰਾਨ ਅੱਜ ਸਮੁੱਚਾ ਮਾਹੌਲ ਗੈਰਤਲਖ਼ੀ ਵਾਲਾ ਰਿਹਾ ਅਤੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਆਪਸੀ ਸੁਰ ਵੀ ਮਿਲਦੇ ਨਜ਼ਰ ਆਏ। ਸ੍ਰੀ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰੀ ਸੱਤਾ ਦਾ ਵੱਸ ਚੱਲੇ ਤਾਂ ਉਹ ਰਾਸ਼ਟਰੀ ਗੀਤ ਵਿੱਚੋਂ ਵੀ ਪੰਜਾਬ ਦਾ ਨਾਮ ਹਟਾ ਦੇਵੇ। ਉਨ੍ਹਾਂ ‘ਪੰਜਾਬ ਵਸਤਾਂ ਅਤੇ ਸੇਵਾਵਾਂ ਕਰ (ਸੋਧ) ਬਿੱਲ 2023’ ਉੱਤੇ ਚੱਲ ਰਹੀ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਪੰਜਾਬ ਨੂੰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਆਰਡੀਐੱਫ਼ ਦਾ ਬਣਦਾ ਹਿੱਸਾ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਭਾਜਪਾ ਦੇ ਸੂਬਾਈ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਇਸ ਸਮੁੱਚੇ ਮਸਲੇ ਉੱਤੇ ਚੁੱਪ ਧਾਰੀ ਬੈਠੇ ਹਨ।

Advertisement

ਹਰਭਜਨ ਸਿੰਘ ਈਟੀਓ ਹੋਰ ਵਿਧਾਇਕਾਂ ਨਾਲ ਸਦਨ ਵੱਲ ਜਾਂਦੇ ਹੋਏ। -ਫੋਟੋ: ਵਿੱਕੀ ਘਾਰੂ

ਮੁੱਖ ਮੰਤਰੀ ਨੇ ਕਿਹਾ ਕਿ ਜੀਐੱਸਟੀ ਬਿੱਲ ਉਤਪਾਦਕ ਰਾਜ ਨੂੰ ਟੈਕਸ ਲਾਭ ਮਿਲਣੇ ਯਕੀਨੀ ਬਣਾਏਗਾ, ਜਿਸ ਨਾਲ ਸੂਬਾ ਆਪਣੇ ਸਰੋਤਾਂ ਦੀ ਵਰਤੋਂ ਵਸਤ ਨਿਰਮਾਣ ਲਈ ਕਰ ਸਕੇਗਾ। ਉਨ੍ਹਾਂ ਵੈਟ ਦੇ ਡਿਫਾਲਟਰਾਂ ਲਈ ਯਕਮੁਸ਼ਤ ਨਬਿੇੜਾ ਸਕੀਮ (ਓਟੀਐੱਸ) ਦੇ ਵੇਰਵੇ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਵਪਾਰੀਆਂ ’ਤੇ ਛਾਪੇ ਕਦੇ ਵੀ ਆਮਦਨ ਵਾਧੇ ਦਾ ਸਬੱਬ ਨਹੀਂ ਬਣ ਸਕਦੇ ਹਨ। ਪੰਜਾਬ ਵਿਧਾਨ ਸਭਾ ਦੇ ਇਜਲਾਸ ਦੇ ਪਹਿਲੇ ਦਿਨ ਸਦਨ ਨੇ ਸਰਬਸੰਮਤੀ ਨਾਲ ‘ਪੰਜਾਬ ਵਸਤਾਂ ਅਤੇ ਸੇਵਾਵਾਂ ਕਰ (ਸੋਧ) ਬਿੱਲ 2023 ਅਤੇ ‘ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ 2023 ਨੂੰ ਪਾਸ ਕਰ ਦਿੱਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿੱਲ ਪੇਸ਼ ਕੀਤੇ ਜਿਨ੍ਹਾਂ ’ਤੇ ਵਿਰੋਧੀ ਧਿਰ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਆਪਣਾ ਇਤਰਾਜ਼ ਜਤਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਈ ਵਿਭਾਗਾਂ ਮਾਲ, ਸਿਹਤ, ਖੇਤੀ, ਲੋਕ ਨਿਰਮਾਣ ਵਿਭਾਗ ਤੇ ਹੋਰ ਵਿਭਾਗਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਰਹੀ ਹੈ। ਇਸ ਤਕਨੀਕ ਦੀ ਵਰਤੋਂ ਨਾਲ ਸੜਕਾਂ ਦੀ ਮੁਰੰਮਤ ਦੇ ਮਾਮਲੇ ਵਿੱਚ 163.26 ਕਰੋੜ ਰੁਪਏ ਦੀ ਬੱਚਤ ਹੋਈ ਅਤੇ 540 ਕਿਲੋਮੀਟਰ ਅਜਿਹੀਆਂ ਸੜਕਾਂ ਦਾ ਵੀ ਪਤਾ ਲੱਗਿਆ, ਜਿਹੜੀਆਂ ਹੋਂਦ ਵਿੱਚ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗ਼ਾਇਬ ਸੜਕਾਂ ਦੀ ਜਾਂਚ ਕਰਾਈ ਜਾਵੇਗੀ।

ਤਿੰਨ ਧਿਆਨ ਦਿਵਾਊ ਮਤੇ ਪੇਸ਼

ਚੰਡੀਗੜ੍ਹ: ਵਿਧਾਨ ਸਭਾ ਦੇ ਸੈਸ਼ਨ ਵਿਚ ਅੱਜ ਧਿਆਨ ਦਿਵਾਊ ਮਤੇ ਪੇਸ਼ ਹੋਏ। ਡਾ. ਸੁਖਵਿੰਦਰ ਸਿੰਘ ਸੁੱਖੀ ਨੇ ਡੇਂਗੂ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਏ ਜਾਣ ਦੀ ਗੱਲ ਕੀਤੀ ਜਦੋਂ ਕਿ ਸਰਵਜੀਤ ਕੌਰ ਮਾਣੂਕੇ ਨੇ ਸਪੈਸ਼ਲ/ਅਨਾਥ ਬੱਚਿਆਂ ਨੂੰ ਵਿਸ਼ੇਸ਼ ਪੈਨਸ਼ਨ ਜਾਂ ਵਿਸ਼ੇਸ਼ ਵਿੱਤੀ ਸਹਾਇਤਾ ਦਿੱਤੇ ਜਾਣ ਵੱਲ ਸਬੰਧਤ ਮੰਤਰੀ ਦਾ ਧਿਆਨ ਦਿਵਾਇਆ। ਵਿਧਾਇਕ ਵਿਜੇ ਸਿੰਗਲਾ ਨੇ ਮਾਨਸਾ ਸ਼ਹਿਰ ਦੇ ਸੀਵਰੇਜ ਦੇ ਓਵਰ ਫਲੋਅ ਹੋਣ ਕਰਕੇ ਪੈਦਾ ਹੁੰਦੀਆਂ ਬਿਮਾਰੀਆਂ ਵੱਲ ਸਿਹਤ ਮੰਤਰੀ ਦਾ ਧਿਆਨ ਖਿੱਚਿਆ। -ਟਨਸ

ਵਿਧਾਇਕ ਕੁਲਵੰਤ ਸਿੰਘ ਨੇ ਮੰਤਰੀ ਘੇਰਿਆ

ਚੰਡੀਗੜ੍ਹ (ਟਨਸ): ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁਹਾਲੀ ਵਿਚ ਚੱਲਦੀਆਂ ਅਣ-ਅਧਿਕਾਰਤ ਟੈਕਸੀਆਂ ਬਾਰੇ ਚੁੱਕੇ ਗਏ ਸੁਆਲ ਦੇ ਜੁਆਬ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜੇ ਕਿਤੇ ਵੀ ਕੋਈ ਅਣ-ਅਧਿਕਾਰਤ ਟੈਕਸੀ ਚੱਲ ਰਹੀ ਹੈ ਤਾਂ ਉਸ ਬਾਰੇ ਫ਼ੌਰੀ ਧਿਆਨ ਵਿਚ ਲਿਆਂਦਾ ਜਾਵੇ। ਮੰਤਰੀ ਨੂੰ ਉਦੋਂ ਕੋਈ ਜੁਆਬ ਨਾ ਅਹੁੜਿਆ ਜਦੋਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਕਈ ਵਾਰ ਪਹਿਲਾਂ ਹੀ ਇਹ ਮੰਤਰੀ ਦੇ ਧਿਆਨ ਵਿਚ ਲਿਆ ਚੁੱਕੇ ਹਨ।

ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ

ਪੰਜਾਬ ਵਿਧਾਨ ਸਭਾ ਨੇ ਅੱਜ ਸਾਬਕਾ ਵਿਧਾਇਕ ਹਰਬੰਸ ਸਿੰਘ ਦਾਤੇਵਾਸ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਅਤੇ ਬੇਗ਼ਮ ਮੁਨੱਵਰ ਉਨ-ਨਿਸ਼ਾ ਨੂੰ ਸਤਿਕਾਰ ਭੇਟ ਕੀਤਾ। ਸਦਨ ਨੇ ਸਾਬਕਾ ਮੰਤਰੀ ਰਘੂਨਾਥ ਸਹਾਏਪੁਰੀ ਦੀ ਪਤਨੀ ਕਾਮਨੀ ਪੁਰੀ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਮਾਤਾ ਬਲਬੀਰ ਕੌਰ, ਵਿਧਾਇਕ ਅਮੋਲਕ ਸਿੰਘ ਦੇ ਮਾਤਾ ਕਰਤਾਰ ਕੌਰ ਅਤੇ ਵਿਧਾਇਕ ਡਾ. ਰਵਜੋਤ ਸਿੰਘ ਦੇ ਮਾਤਾ ਸੁਰਿੰਦਰ ਕੌਰ ਤੋਂ ਇਲਾਵਾ ਆਜ਼ਾਦੀ ਘੁਲਾਟੀਏ ਅਮਰ ਸਿੰਘ ਸੁਖੀਜਾ ਤੇ ਜਵਾਹਰ ਲਾਲ, ਸਮਾਜਸੇਵੀ ਬਲਵੰਤ ਸਿੰਘ ਖੇੜਾ, ਹਰਸਿਮਰਨ ਸਿੰਘ ਫੌਜੀ ਅਤੇ ਹੋਮਗਾਰਡ ਜਵਾਨ ਜਸਪਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਧਾਇਕ ਪਰਗਟ ਸਿੰਘ ਨੇ ਰੋਪੜ ਜ਼ਿਲ੍ਹੇ ਵਿੱਚ ਖ਼ੁਦਕੁਸ਼ੀ ਕਰਨ ਵਾਲੀ ਬੇਰੁਜ਼ਗਾਰ ਸਹਾਇਕ ਲੈਕਚਰਾਰ ਬਲਵਿੰਦਰ ਕੌਰ ਦਾ ਨਾਮ ਵੀ ਸ਼ੋਕ ਮਤੇ ਲਈ ਪੇਸ਼ ਕੀਤਾ।

ਕਿਸਾਨਾਂ ਦੀ ਹਮਾਇਤ ’ਚ ਨਿੱਤਰੇ ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਨੂੰ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ਦੇਣ ਤੋਂ ਜਿੱਥੇ ਕੇਂਦਰ ਸਰਕਾਰ ਭੱਜ ਗਈ ਹੈ, ਉਥੇ ਉਲਟਾ ਪਰਾਲੀ ਨੂੰ ਮੁੱਦਾ ਬਣਾ ਕੇ ਕਿਸਾਨਾਂ ’ਤੇ ਕੇਸ ਦਰਜ ਕਰਾਉਣ ਦੇ ਰਾਹ ਪਈ ਹੋਈ ਹੈ। ਮੁੱਖ ਮੰਤਰੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਧਰਨੇ ਦੇ ਸੰਦਰਭ ਵਿੱਚ ਸਦਨ ’ਚ ਖੁੱਲ੍ਹ ਕੇ ਕਿਸਾਨਾਂ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦਾ ਸਾਥ ਦੇਵੇਗੀ ਅਤੇ ਕਿਸਾਨ ਧਿਰਾਂ ਨਾਲ ਸੰਵਾਦ ਲਈ ਦਰਵਾਜ਼ੇ ਖੁੱਲ੍ਹੇ ਹਨ।

ਮਾਨ ਨੇ ਰਾਜਪਾਲ ਦਾ ਕੀਤਾ ਧੰਨਵਾਦ

ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪ੍ਰਤੀ ਨਜ਼ਰੀਆ ਬਿਲਕੁਲ ਬਦਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਰਾਜ ਭਵਨ ਅਤੇ ਸਰਕਾਰ ਦਰਮਿਆਨ ਹੁਣ ਕੋਈ ਮਤਭੇਦ ਨਹੀਂ ਹਨ। ਮੁੱਖ ਮੰਤਰੀ ਨੇ ਵਿਧਾਨ ਸਭਾ ਸੈਸ਼ਨਾਂ ਦੀ ਮਨਜ਼ੂਰੀ ਦੇਣ ਅਤੇ ਆਪਣੀਆਂ ਚਿੱਠੀਆਂ ਦਾ ਤੁਰੰਤ ਜਵਾਬ ਦੇਣ ਲਈ ਰਾਜਪਾਲ ਦਾ ਧੰਨਵਾਦ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਰਾਜਪਾਲ ਜਲਦੀ ਬਕਾਇਆ ਬਿੱਲਾਂ ਦੇ ਨਾਲ-ਨਾਲ ਨਵੇਂ ਬਿੱਲਾਂ ਨੂੰ ਵੀ ਮਨਜ਼ੂਰੀ ਦੇਣਗੇ।

ਝਲਕੀਆਂ

* ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਟਿੱਚਰ ਕਰਨ ਦਾ ਕੋਈ ਮੌਕਾ ਖੁੰਝਣ ਨਹੀਂ ਦਿੱਤਾ। ਜਦੋਂ ਵਿਧਾਇਕ ਅਮੋਲਕ ਸਿੰਘ ਨੇ ਜੈਤੋ ਦੇ ਸੀਵਰੇਜ ਦੀ ਗੱਲ ਛੇੜੀ ਤਾਂ ਸੰਧਵਾਂ ਨੇ ਆਪਣੇ ਹਲਕੇ ਕੋਟਕਪੂਰਾ ਦੀ ਗੱਲ ਕਰਦਿਆਂ ਕਿਹਾ ਕਿ ‘ਜੇਹੜੇ ਰੋਗ ਨਾਲ ਬੱਕਰੀ ਮਰ ਗਈ, ਉਹੀ ਰੋਗ ਪਠੋਰੇ ਨੂੰ’।

* ਅੱਜ ਵਿਧਾਨ ਸਭਾ ਦੇ ਲਾਈਵ ਪ੍ਰਸਾਰਨ ਮੌਕੇ ਵਿਰੋਧੀ ਧਿਰ ਦੇ ਵਿਧਾਇਕਾਂ ’ਤੇ ਕੈਮਰੇ ਪੂਰਾ ਫੋਕਸ ਕੀਤਾ ਗਿਆ। ਪਿਛਲੇ ਸੈਸ਼ਨ ਵਿਚ ਵਿਰੋਧੀ ਧਿਰ ਦਾ ਇਤਰਾਜ਼ ਸੀ ਕਿ ਉਨ੍ਹਾਂ ਦਾ ਚਿਹਰਾ ਨਹੀਂ ਦਿਖਾਇਆ ਜਾਂਦਾ ਹੈ।

* ਅੱਜ ਸਦਨ ’ਚੋਂ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਅਨਮੋਲ ਗਗਨ ਮਾਨ ਗ਼ੈਰ-ਹਾਜ਼ਰ ਸਨ। ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਸਦਨ ਵਿਚ ਆਏ ਤਾਂ ਸਹੀ ਪਰ ਜਲਦੀ ਹੀ ਚਲੇ ਗਏ।

* ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੀਕਰ ਦੀ ਤਾਰੀਫ਼ ਕਰਦਿਆਂ ਗਿਆਨੀ ਜ਼ੈਲ ਸਿੰਘ ਨੂੰ ਚੇਤੇ ਕੀਤਾ ਅਤੇ ਨਾਲ ਹੀ ਉਹ ਸੱਤਾਧਾਰੀ ਧਿਰ ਦੇ ਵਜ਼ੀਰਾਂ ਵੱਲ ਝਾਕ ਕੇ ਆਖ ਗਏ,‘ਤੁਸੀਂ ਤਾਂ ਡਰਦਿਆਂ ਨੇ ਸਾਨੂੰ ਵਿਆਹ ’ਤੇ ਹੀ ਨਹੀਂ ਬੁਲਾਇਆ।’

* ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੀ ਹੀ ਸਰਕਾਰ ਘੇਰੀ ਰੱਖੀ ਜਦੋਂ ਕਿ ਮੁੱਖ ਮੰਤਰੀ ਨੇ ਪਿਛਲੀ ਦਿਨੀਂ ਚਾਹ ਪਾਰਟੀ ’ਤੇ ਨਸੀਹਤ ਦਿੱਤੀ ਸੀ ਕਿ ਆਪਣੀ ਹੀ ਸਰਕਾਰ ਤੋਂ ਹਮਲੇ ਕਰਨ ਤੋਂ ਗੁਰੇਜ਼ ਕੀਤਾ ਜਾਵੇ।

* ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਬਿੱਲ ਪੇਸ਼ ਕਰਨ ਮੌਕੇ ਕਿਹਾ ਕਿ ਉਨ੍ਹਾਂ ਨੂੰ ਬਿੱਲ ਪਹਿਲਾਂ ਪੜ੍ਹਨ ਲਈ ਦਿੱਤੇ ਜਾਣ ਜਿਸ ’ਤੇ ਸਪੀਕਰ ਨੇ ਬਿੱਲ 22 ਨਵੰਬਰ ਨੂੰ ਹੀ ਅੱਪਲੋਡ ਕਰਨ ਦੀ ਗੱਲ ਆਖੀ। ਮੁੱਖ ਮੰਤਰੀ ਨੇ ਕਿਹਾ ਕਿ ‘ਤੁਸੀਂ ਬਿੱਲ ਨਹੀਂ ਪੜ੍ਹੇ ਤਾਂ ਉਹ ਬਿੱਲ ਪਾਸ ਹੋਣੋਂ ਤਾਂ ਨਹੀਂ ਰੋਕ ਸਕਦੇ।’

* ਅੱਜ ਸਪੀਕਰ ਗੈਲਰੀ ਵਿਚ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਪਹੁੰਚੇ ਹੋਏ ਸਨ। ਕਈ ਸਕੂਲਾਂ ਦੇ ਬੱਚਿਆਂ ਨੇ ਵੀ ਸੈਸ਼ਨ ਦੇਖਿਆ।

Advertisement
Author Image

joginder kumar

View all posts

Advertisement