ਪੰਜਾਬ ਦੇ ਮੁੱਖ ਮੰਤਰੀ ਨੇ ਰਾਜਨੀਤੀ ਖਾਤਰ ਮਨੁੱਖਤਾ ਨੂੰ ਤਿਆਗਿਆ: ਸੈਣੀ
ਸਤਨਾਮ ਸਿੰਘ/ਸਰਬਜੋਤ ਸਿੰਘ ਦੁੱਗਲ
ਸ਼ਾਹਬਾਦ ਮਾਰਕੰਡਾ/ਕੁਰੂਕਸ਼ੇਤਰ, 17 ਮਈ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸਾਡੇ ਬਹਾਦਰ ਸੈਨਿਕਾਂ ਨੇ ਜਿਸ ਹਿੰਮਤ, ਸਮਰਪਣ ਤੇ ਅਨੁਸ਼ਾਸਨ ਨਾਲ ਅਪਰੇਸ਼ਨ ਸਿੰਧੂਰ ਨੂੰ ਅੰਜਾਮ ਦਿੱਤਾ, ਉਸ ਨਾਨ ਇਹ ਸਿਰਫ ਇਕ ਫੌਜੀ ਅਪਰੇਸ਼ਨ ਹੀ ਨਹੀਂ ਬਣਿਆ, ਸਗੋਂ ਸਾਡੇ ਕੌਮੀ ਮਾਣ ਦਾ ਵੀ ਪ੍ਰਤੀਕ ਵੀ ਬਣ ਗਿਆ ਹੈ। ਮੁੱਖ ਮੰਤਰੀ ਨੇ ਇਹ ਵਿਚਾਰ ਅੱਜ ਲਾਡਵਾ ਹਲਕੇ ਦੇ ਪਿੰਡ ਬੁਹਾਵੀ ਵਿਚ ਤਿਰੰਗਾ ਯਾਤਰਾ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜਨੀਤੀ ਨੂੰ ਪਹਿਲ ਦੇ ਕੇ ਮਨੁੱਖਤਾ ਨੂੰ ਭੁੱਲ ਗਏ ਹਨ। ਦੇਸ਼ ਵਿਚ ਮੀਂਹ ਦਾ ਪਾਣੀ ਇਕ ਕੁਦਰਤੀ ਸਰੋਤ ਹੈ ਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਮਨੁੱਖੀ ਆਧਾਰ ’ਤੇ ਹਰ ਘਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਈਏ। ਮੁੱਖ ਮੰਤਰੀ ਨੇ ਇਕ ਸੁਆਲ ਦੇ ਜੁਆਬ ਵਿਚ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਦਾ ਸ਼ੋਸ਼ਣ ਕੀਤਾ ਹੈ। ਅਜਿਹੇ ਰਾਜਨੀਤਕ ਪ੍ਰਬੰਧ ਕਾਰਨ ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਔਰਤਾਂ ਤੇ ਉਦਯੋਗਿਕ ਖੇਤਰ ਵਿਚ ਕੰਮ ਕਰਨ ਵਾਲੇ ਨਾਗਰਿਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ। ਉਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ।