ਪੰਜਾਬ ਦੇ ਬਿਜਲੀ ਰੈਗੂਲੇਟਰੀ ਕਮਿਸ਼ਨ ਲਈ ਨਵੀਂ ਚੋਣ ਕਮੇਟੀ ਕਾਇਮ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਜੂਨ
ਪੰਜਾਬ ਸਰਕਾਰ ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਅਤੇ ਮੈਂਬਰਾਂ ਦੀ ਚੋਣ ਲਈ ਨਵੀਂ ਚੋਣ (ਸਿਲੈਕਸ਼ਨ) ਕਮੇਟੀ ਦਾ ਗਠਨ ਕੀਤਾ ਹੈ। ਬਿਜਲੀ ਵਿਭਾਗ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਚੋਣ ਕਮੇਟੀ ਦਾ ਚੇਅਰਪਰਸਨ ਹੁਣ ਜਸਟਿਸ (ਰਿਟਾ) ਸ਼ਬੀਹੁਲ ਹਸਨੈਨ ਨੂੰ ਲਾਇਆ ਗਿਆ ਹੈ। ਸ੍ਰੀ ਸ਼ਬੀਹੁਲ ਅਲਾਹਾਬਾਦ ਹਾਈਕੋਰਟ ਦੇ ਜਸਟਿਸ ਰਹਿ ਚੁੱਕੇ ਹਨ। ਮੁੱਖ ਸਕੱਤਰ ਪੰਜਾਬ ਅਤੇ ਕੇਂਦਰੀ ਇਲੈਕਟ੍ਰੀਸਿਟੀ ਅਥਾਰਟੀ ਦੇ ਚੇਅਰਪਰਸਨ ਇਸ ਕਮੇਟੀ ਦੇ ਮੈਂਬਰ ਹੋਣਗੇ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵਿੱਚ ਇਸ ਸਮੇਂ ਤਕਨੀਕੀ ਮੈਂਬਰ ਦੀ ਅਸਾਮੀ ਕਾਫ਼ੀ ਸਮੇਂ ਤੋਂ ਖ਼ਾਲੀ ਪਈ ਹੈ ਅਤੇ ਕਰੀਬ ਅੱਠ ਮਹੀਨਿਆਂ ਤੋਂ ਪ੍ਰਕਿਰਿਆ ਚੱਲ ਰਹੀ ਹੈ। ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਹੁਣ ਤਕਨੀਕੀ ਮੈਂਬਰ ਦੀ ਅਸਾਮੀ ਨੂੰ ਭਰਨਾ ਚਾਹੁੰਦੀ ਹੈ। ਨਿਯਮਾਂ ਅਨੁਸਾਰ ਚੋਣ ਕਮੇਟੀ ਨੂੰ ਚੇਅਰਪਰਸਨ ਜਾਂ ਮੈਂਬਰ ਦੀ ਚੋਣ ਲਈ ਦੋ ਨਾਮ ਭੇਜਣ ਲਈ ਕਿਹਾ ਹੈ। ਚੋਣ ਕਮੇਟੀ ਦੇ ਚੇਅਰਪਰਸਨ ਅਤੇ ਮੈਂਬਰਾਂ ਨੂੰ ਹਰ ਤਰ੍ਹਾਂ ਦੇ ਭੱਤੇ ਰੈਗੂਲੇਟਰੀ ਕਮਿਸ਼ਨਰ ਵੱਲੋਂ ਹੀ ਦਿੱਤੇ ਜਾਣਗੇ। ਇਸ ਸਮੇਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਕਮਿਸ਼ਨ ਦੇ ਚੇਅਰਪਰਸਨ ਵਿਸ਼ਵਜੀਤ ਖੰਨਾ ਹਨ।