ਪੰਜਾਬ ਦੀ ਨਸ਼ਾ ਰੂਪੀ ਨਜ਼ਰ ਉਤਾਰਨਾ ਸਰਕਾਰ ਦੀ ਪਹਿਲ: ਗੱਜਣਮਾਜਰਾ
ਮਾਲੇਰਕੋਟਲਾ, 6 ਜੂਨ
ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਿਹਤਮੰਦ ਪੰਜਾਬ ਬਣਾਉਣ ਲਈ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਸਫ਼ਲ ਬਣਾਉਣ ਲਈ ਲੋਕਾਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਵਿੱਚ ਨਸ਼ੇ ਦੇ ਰੂਪ ਵਿੱਚ ਲੱਗੀ ਨਜ਼ਰ ਨੂੰ ਉਤਾਰਨਾ ਹੈ ਭਾਵ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਇਸੇ ਟੀਚੇ ਦੀ ਪੂਰਤੀ ਲਈ ਨਸ਼ਾ ਮੁਕਤੀ ਯਾਤਰਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਹ ਗੱਲ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਪਿੰਡ ਦੁਲਮਾ, ਨਾਰੋਮਾਜਰਾ, ਚੁਪਕਾ ਅਤੇ ਸਰੌਦ ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੀ। ਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਤਹਿਤ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ ਨਸ਼ਿਆਂ ਦੀ ਆਦਤ ਤੋਂ ਪੀੜਤ ਮਰੀਜ਼ਾਂ ਦਾ ਸਹੀ ਇਲਾਜ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਕੇ ਕੰਮ ਕਰ ਰਹੀ ਹੈ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਮੁੜ ਤੋਂ ਖੇਡਾਂ, ਗਰਾਊਂਡਾਂ ਨਾਲ ਜੋੜਿਆ ਜਾ ਸਕੇ। ਇਸ ਦੇ ਨਾਲ ਨਾਲ ਸਰਕਾਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਜ਼ਿੰਦਗੀ ਮੁੜ ਤੋਂ ਲੀਹ ’ਤੇ ਲਿਆਉਣ ਲਈ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵੀ ਵੱਖੋ-ਵੱਖ ਉਪਰਾਲੇ ਕਰ ਰਹੀ ਹੈ। ਇਸ ਉਪਰੰਤ ਪਿੰਡ ਵਾਸੀਆਂ ਨੂੰ ਨਸ਼ੇ ਵਿਰੁੱਧ ਸਾਥ ਦੇਣ ਲਈ ਪ੍ਰਣ ਕਰਵਾਇਆ ਗਿਆ। ਇਸ ਮੌਕੇ ਡੀਐੱਸਪੀ ਰਣਜੀਤ ਸਿੰਘ ਬੈਂਸ, ਕੋਆਰਡੀਨੇਟਰ ਜਗਦੀਪ ਸਿੰਘ ਜੱਗਾ, ਹਲਕਾ ਕੁਆਡੀਨੇਟਰ ਗੁਰਪ੍ਰੀਤ ਸਿੰਘ ਬਿੱਟੂ ਬਨਭੌਰਾ, ਬੀਡੀਪੀਓ ਬਬਲਜੀਤ ਕੌਰ, ਵਿਧਾਇਕ ਦੇ ਪੀਏ ਅਭੀਜੋਤ ਸਿੰਘ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।