ਪੰਜਾਬ ਦੀਆਂ ਪਸ਼ੂ ਮੰਡੀਆਂ ਦੇ ਟੈਂਡਰ ਘਾਟੇ ’ਚ ਦੇਣ ਦਾ ਮਾਮਲਾ ਭਖਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 28 ਮਈ
ਪੰਜਾਬ ਵਿੱਚ ਪਸ਼ੂ ਮੰਡੀਆਂ ਦੇ ਟੈਂਡਰ ਐਤਕੀ 22 ਕਰੋੜ ਰੁਪਏ ਘਟ ਕੇ ਦੇਣ ਦਾ ਮਾਮਲਾ ਭਖ ਗਿਆ ਹੈ। ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੁੱਜ ਗਿਆ। ਇਸ ਸਬੰਧੀ ਪੰਜਾਬ ਕਿਸਾਨ ਯੂਨੀਅਨ ਨੇ ਭਲਕੇ 29 ਮਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੁਹਾਲੀ ਦੇ ਡਾਇਰੈਕਟਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਭਰ ’ਚ ਲੱਗਦੀਆਂ ਪਸ਼ੂ ਮੰਡੀਆਂ ਵਿੱਚ ਸਭ ਤੋਂ ਵੱਧ ਪ੍ਰੇਸ਼ਾਨੀਆਂ ਪਸ਼ੂ ਪਾਲਕਾਂ ਨੂੰ ਹੋ ਰਹੀਆਂ ਹਨ ਅਤੇ ਮੰਡੀਆਂ ਉਤੇ ਸਰਕਾਰ ਦੇ ਚਹੇਤੇ ਠੇਕੇਦਾਰਾਂ ਨੇ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਅੱਜ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਠੇਕੇਦਾਰਾਂ ਲਈ ਬੇਲੋੜੀਆਂ ਸ਼ਰਤਾਂ ਲਾ ਕੇ ਇਸ ਵਾਰ ਇਹ ਠੇਕਾ ਪਿਛਲੇ ਸਾਲ ਨਾਲੋਂ 22 ਕਰੋੜ ਰੁਪਏ ਘੱਟ ਦਿੱਤਾ ਗਿਆ ਹੈ, ਜਿਸ ਦੀ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਪੜਤਾਲ ਨਹੀਂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਪਿਛਲੇ ਸਾਲ ਇਹ ਠੇਕਾ 94 ਕਰੋੜ ਰੁਪਏ ਦਾ ਸੀ ਅਤੇ ਇਸ ਵਾਰ 72 ਕਰੋੜ 46 ਲੱਖ ਰੁਪਏ ਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅੰਦਰ ਪਸ਼ੂ ਪਾਲਣ ਮਹਿਕਮੇ ਦੇ ਡਾਕਟਰਾਂ, ਛਾਂ ਅਤੇ ਪਾਣੀ ਤੇ ਪਖਾਨਿਆਂ ਦਾ ਪੁਖਤਾ ਪ੍ਰਬੰਧ ਕਰਨਾ ਹੁੰਦਾ ਹੈ, ਪਰ ਠੇਕੇਦਾਰ ਵੱਲੋਂ ਅਜਿਹਾ ਪ੍ਰਬੰਧ ਕਿਧਰੇ ਵੀ ਨਹੀਂ ਹੁੰਦਾ ਹੈ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਪਸ਼ੂ ਮੰਡੀਆਂ ਵਿੱਚ ਵਿਕਣ ਲਈ ਆਉਂਦੇ ਪਸ਼ੂਆਂ ਦੀ ਲਿਖਾਈ ਦੇ ਰੇਟ ਮਨਮਰਜ਼ੀ ਨਾਲ ਚੱਲਦੇ ਹਨ ਅਤੇ ਮੰਡੀਆਂ ਵਿਚੋਂ ਦੂਰ-ਦੁਰਾਡੇ ਪਸ਼ੂ ਲਿਜਾਣ ਲਈ ਕੈਂਟਰਾਂ ਵਾਲੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਵੱਧ ਰੇਟ ਲਾਉਂਦੇ ਹਨ।
ਕਿਸਾਨ ਆਗੂ ਨੇ ਕਿਹਾ ਕਿ ਪਸ਼ੂ ਮੰਡੀਆਂ ਦੀ ਇਸ ਤਕਲੀਫ਼ ਲਈ ਡਾਇਰੈਕਟਰ ਕੋਲ ਮਾਮਲੇ ਉਠਾਇਆ ਗਿਆ, ਪਰ ਉਨ੍ਹਾਂ ਵੱਲੋਂ ਮਸਲੇ ਦਾ ਕੋਈ ਵੀ ਹੱਲ ਨਾ ਕਰਨ ਤੋਂ ਬਾਅਦ ਹੁਣ ਡਾਇਰੈਕਟਰ ਦਾ ਘਿਰਾਓ ਕਰਨ ਲਈ ਜਥੇਬੰਦੀ ਵੱਲੋਂ ਫੈਸਲਾ ਉਲਕਿਆ ਗਿਆ ਹੈ, ਜਿਸ ਤਹਿਤ 29 ਮਈ ਨੂੰ ਡਾਇਰੈਕਟਰ ਦੇ ਦਫ਼ਤਰ ਸਾਹਮਣੇ ਧਰਨਾ ਲਾਇਆ ਜਾਵੇਗਾ ਤਾਂ ਜੋ ਚਹੇਤਿਆਂ ਦੀ ਬਜਾਏ ਆਮ ਠੇਕੇਦਾਰਾਂ ਵਿਚੋਂ ਸਭ ਤੋਂ ਵੱਧ ਬੋਲੀ ਦੇਣ ਵਾਲੇ ਨੂੰ ਠੇਕਾ ਦਿੰਦਾ ਜਾਵੇ ਅਤੇ ਚਹੇਤਿਆਂ ਲਈ ਲਾਈਆਂ ਬੇਲੋੜੀਆਂ ਸ਼ਰਤਾਂ ਖ਼ਤਮ ਕੀਤੀਆਂ ਜਾਣ। ਇਸ ਮੌਕੇ ਗੋਰਾ ਸਿੰਘ ਭੈਣੀਬਾਘਾ,ਗੁਰਨਾਮ ਸਿੰਘ ਭੀਖੀ, ਗੁਰਜੰਟ ਸਿੰਘ ਮਾਨਸਾ, ਰਾਮਫ਼ਲ ਸਿੰਘ ਚੱਕ ਅਲੀਸ਼ੇਰ, ਨਰਿੰਦਰ ਕੌਰ ਬੁਰਜ ਹਮੀਰਾ, ਭੋਲਾ ਸਿੰਘ ਸਮਾਓ, ਅਮਰੀਕ ਸਿੰਘ, ਜਗਤਾਰ ਸਿੰਘ ਨੇ ਵੀ ਸੰਬੋਧਨ ਕੀਤਾ।