ਪੰਜਾਬ ਦਾ ਭਲਾ ਨਹੀਂ ਕਰ ਸਕਦੀ ‘ਆਪ’: ਅਮਰ ਸਿੰਘ
ਦੇਵਿੰਦਰ ਸਿੰਘ ਜੱਗੀ
ਮਲੌਦ, 18 ਮਈ
ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਅੱਜ ਬਲਾਕ ਮਲੌਦ ਦੇ ਪਿੰਡਾਂ ਰਾਮਗੜ੍ਹ ਸਰਦਾਰਾਂ ਦੇ ਸਰਕਾਰੀ ਸਕੂਲ ਦੇ ਕਮਰੇ ਦੀ ਨਵੀ ਉਸਾਰੀ ਲਈ ਪੰਜ ਲੱਖ ਰੁਪਏ ਦੀ ਗਰਾਂਟ, ਪਿੰਡ ਲਸਾੜਾ ਪੋਹਲੇਵਾਲ ਅਤੇ ਲਸਾੜਾ ਲੱਖੋਵਾਲ ਦੀਆਂ ਐੱਸਸੀ ਧਰਮਸ਼ਾਲਾਵਾਂ ਨੂੰ 2 -2 ਲੱਖ ਦੀ ਗਰਾਂਟ, ਪਿੰਡ ਰੱਬੋ ਉੱਚੀ ਨੂੰ ਗਲੀਆਂ ਨਾਲੀਆਂ ਲਈ 5 ਲੱਖ ਰੁਪਏ ਦੀ ਗਰਾਂਟ ਅਤੇ ਪਿੰਡ ਦੌਲਤਪੁਰ ਨੂੰ 3 ਲੱਖ ਦੀ ਗਰਾਂਟ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਸਿਫਾਰਸ਼ ’ਤੇ ਦਿੱਤੀ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਆਸ ਨਹੀ ਰੱਖਣੀ ਚਾਹੀਦੀ, ਕਿਉਂਕਿ ਇਹ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜੋ ਸੜਕਾਂ ਦੇ ਉਦਘਾਟਨ ਆਪ ਦੇ ਵਿਧਾਇਕ ਕਰ ਰਹੇ ਹਨ ਉਹ ਸੜਕਾਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਵਿਕਾਸ ਕਾਰਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ ਪਰ ਆਮ ਆਦਮੀ ਪਾਰਟੀ ਝੂਠ ਦੀ ਰਾਜਨੀਤੀ ਕਰ ਰਹੀ ਹੈ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਹਲਕਾ ਵਿਧਾਇਕ ਦੱਸੇ ਕਿ ਉਹ ਪਖਾਨਿਆਂ ਦੇ ਉਦਘਾਟਨ ਕਰਕੇ ਕਿਹੜੀ ਸਿੱਖਿਆ ਕ੍ਰਾਂਤੀ ਲਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ ਜਦੋਂਕਿ ਆਮ ਆਦਮੀ ਪਾਰਟੀ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸਾਬਕਾ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਅਤੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਾਜਪਾ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਸਿਆੜ, ਸੀਨੀਅਰ ਕਾਂਗਰਸੀ ਆਗੂ ਕੁਲਵੀਰ ਸਿੰਘ ਸੋਹੀਆਂ, ਸਾਬਕਾ ਚੇਅਰਮੈਨ ਸਾਧੂ ਸਿੰਘ ਕਾਲੀਆ, ਪ੍ਰਧਾਨ ਕ੍ਰਿਸ਼ਨ ਦੇਵ ਜੋਗੀਮਾਜਰਾ, ਨਿਰਭੈ ਸਿੰਘ ਬੇਰਕਲਾ, ਅਵਤਾਰ ਸਿੰਘ ਤਾਰੀ, ਬਲਜੀਤ ਸਿੰਘ ਰਾਮਗੜ੍ਹ ਸਰਦਾਰਾਂ, ਪਿਆਰਾ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਲਸਾੜਾ, ਹਰਿੰਦਰ ਸਿੰਘ ਹਨੀ ਲਸਾੜਾ, ਰਣਜੀਤ ਸਿੰਘ ਪੀਏ ਹਾਜ਼ਰ ਸਨ।