ਪੰਜਾਬ ਤੇ ਹਰਿਆਣਾ ਸਕੱਤਰੇਤ ਬੰਬ ਨਾਲ ਉਡਾਉਣ ਦੀ ਧਮਕੀ
ਕੁਲਦੀਪ ਸਿੰਘ
ਚੰਡੀਗੜ੍ਹ, 30 ਮਈ
ਪੰਜਾਬ ਅਤੇ ਹਰਿਆਣਾ ਦੇ ਸਕੱਤਰੇਤ ਸਮੇਤ ਮੁੱਖ ਮੰਤਰੀ ਨਿਵਾਸ ਸਥਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਰਕੇ ਅੱਜ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਪੁਲੀਸ ਵਿੱਚ ਹਫ਼ੜਾ-ਦਫੜੀ ਮੱਚ ਗਈ। ਹਾਲਾਂਕਿ ਬਾਅਦ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚੰਡੀਗੜ੍ਹ ਪੁਲੀਸ ਦੀ ਈਮੇਲ ’ਤੇ ਪੰਜਾਬ ਅਤੇ ਹਰਿਆਣਾ ਦੇ ਸਕੱਤਰੇਤ ਸਮੇਤ ਮੁੱਖ ਮੰਤਰੀ ਨਿਵਾਸ ਸਥਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਧਮਕੀ ਮਿਲਦਿਆਂ ਹੀ ਸੀਆਈਐੱਸਐੱਫ ਸਮੇਤ ਪੂਰਾ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਪੁਲੀਸ ਤੰਤਰ ਚੌਕਸ ਹੋ ਗਿਆ ਅਤੇ ਸਕੱਤਰੇਤ ਵਿੱਚੋਂ ਹਰੇਕ ਵਿਅਕਤੀ ਨੂੰ ਤੁਰੰਤ ਬਾਹਰ ਨਿਕਲਣ ਅਤੇ ਇਮਾਰਤ ਤੋਂ ਦੂਰ ਹੋਣ ਦੀ ਅਨਾਊਸਮੈਂਟ ਕੀਤੀ ਗਈ। ਹਾਲਾਂਕਿ ਪੰਜਾਬ ਵਿੱਚ ਅੱਜ ਛੁੱਟੀ ਹੋਣ ਕਰਕੇ ਪੰਜਾਬ ਸਿਵਲ ਸਕੱਤਰੇਤ ਵਿੱਚ ਕੋਈ ਜ਼ਿਆਦਾ ਸਟਾਫ਼ ਆਦਿ ਮੌਜੂਦ ਨਹੀਂ ਸੀ ਪਰ ਹਰਿਆਣਾ ਦੇ ਸਟਾਫ਼ ਨੂੰ ਬਾਹਰ ਕੱਢਿਆ ਗਿਆ ਤਾਂ ਦੇਖਦੇ ਹੀ ਦੇਖਦੇ ਪੂਰਾ ਸਕੱਤਰੇਤ ਖਾਲੀ ਹੋ ਗਿਆ।
ਪੁਲੀਸ ਸਟੇਸ਼ਨ ਸੈਕਟਰ-3 ਦੇ ਐੱਸਐੱਸਓ ਸਣੇ ਕੇਂਦਰੀ ਸੁਰੱਖਿਆ ਏਜੰਸੀ ਸੀਆਈਐੱਸਐੱਫ ਵੱਲੋਂ ਚਲਾਏ ਗਏ ਸਰਚ ਅਭਿਆਨ ਤਹਿਤ ਡਾਗ ਸਕੁਐੱਡ ਵੀ ਮੌਕੇ ’ਤੇ ਪਹੁੰਚੇ ਅਤੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ, ਇੱਥੋਂ ਤੱਕ ਕਿ ਕੌਰੀਡੋਰ ਵਿੱਚ ਰੱਖੇ ਗਮਲਿਆਂ ਆਦਿ ਨੂੰ ਵੀ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ। ਅੱਗ ਲੱਗਣ ਵਰਗੀ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੰਗਵਾਈਆਂ ਗਈਆਂ।
ਜਾਣਕਾਰੀ ਮੁਤਾਬਕ ਈਮੇਲ ’ਤੇ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਮਗਰੋਂ ਦੇਰ ਸ਼ਾਮ ਤੱਕ ਵੀ ਪੁਲੀਸ ਸਮੇਤ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਸਰਚ ਅਭਿਆਨ ਜਾਰੀ ਰੱਖਿਆ ਗਿਆ ਅਤੇ ਹਰ ਸਖ਼ਸ਼ ’ਤੇ ਨਜ਼ਰ ਰੱਖੀ ਗਈ ਪਰ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਦੱਸਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਇਮਾਰਤ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਦੌਰਾਨ ਪੁਲੀਸ ਵੱਲੋਂ ਸਾਰੀ ਇਮਾਰਤ ਖਾਲੀ ਕਰਵਾ ਕੇ ਚੈਕਿੰਗ ਕੀਤੀ ਗਈ ਸੀ ਪਰ ਕੋਈ ਅਜਿਹਾ ਸੁਰਾਗ ਸਾਹਮਣੇ ਨਹੀਂ ਆਇਆ ਸੀ। ਹੁਣ ਅੱਜ ਦੀ ਧਮਕੀ ਤੋਂ ਬਾਅਦ ਪੁਲੀਸ ਹੋਰ ਵੀ ਚੌਕਸ ਹੋ ਗਈ ਹੈ।