ਪੰਜਾਬ ’ਚ ਅਗਲੇ ਦਿਨੀਂ ਸੁੱਕੀ ਠੰਢ ਪੈਣ ਦੇ ਆਸਾਰ
ਜੋਗਿੰਦਰ ਸਿੰਘ ਮਾਨ
ਮਾਨਸਾ, 22 ਦਸੰਬਰ
ਪੰਜਾਬ ਤੇ ਹਰਿਆਣਾ ਵਿੱਚ ਆਉਣ ਵਾਲੇ ਕੁਝ ਦਿਨਾਂ ਤੱਕ ਠੰਢ ਦਾ ਕਹਿਰ ਵਧੇਗਾ ਅਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ ਵਿੱਚ ਲੋਕਾਂ ਨੂੰ ਸੁੱਕੀ ਠੰਢ ਦੀ ਮਾਰ ਝੱਲਣੀ ਪਵੇਗੀ। ਸੁੱਕੀ ਠੰਢ ਮਨੁੱਖਾਂ ਸਮੇਤ ਫ਼ਸਲਾਂ ਅਤੇ ਪਸ਼ੂ-ਪੰਛੀਆਂ ਲਈ ਮਾੜੀ ਮੰਨੀ ਜਾਂਦੀ ਹੈ। ਮੌਸਮ ਦੇ ਖੁਸ਼ਕ ਰਹਿਣ ਕਾਰਨ ਪਹਿਲਾਂ ਹੀ ਲੋਕ ਠੰਢ, ਜੁਕਾਮ ਅਤੇ ਲਾਗ ਦੀਆਂ ਬਿਮਾਰੀਆਂ ਸਮੇਤ ਖਾਸੀ ਅਤੇ ਗਲੇ ਦੀ ਖਾਰਸ ਤੋਂ ਪੀੜਤ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮਾਹਿਰ ਤੋਂ ਮਿਲੀ ਰਿਪੋਰਟ ਮੁਤਾਬਕ ਅਗਲੇ ਲਗਪਗ 10 ਦਿਨ ਮੀਂਹ ਪੈਣ ਦੀ ਪੰਜਾਬ ਅਤੇ ਹਰਿਆਣਾ ਵਿੱਚ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਵੈਸਟਰਨਜ਼ ਡਿਸਟਰਬੈਂਸ ਐਕਟਿਵ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਦਸੰਬਰ ਦੇ ਪਹਿਲੇ ਤਿੰਨ ਹਫ਼ਤੇ ਵੈਸਟਰਨਜ਼ ਡਿਸਟਰਬੈਂਸ ਐਕਟਿਵ ਨਾ ਹੋਣ ਕਾਰਨ ਸੂਰਜ ਦੀ ਰੋਸ਼ਨੀ ਸਿੱਧੀ ਧਰਤੀ ’ਤੇ ਪੈਦੀ ਸੀ, ਜਿਸ ਕਾਰਨ ਦਿਨ ਅਤੇ ਰਾਤ ਦਾ ਤਾਪਮਾਨ ਥੋੜ੍ਹਾ ਗਰਮ ਸੀ। ਹੁਣ ਠੰਢ ਕਾਰਨ ਦਿਨ-ਰਾਤ ਦੇ ਤਾਪਮਾਨ ਵਿੱਚ ਆਈ ਕਮੀ ਕਾਰਨ ਆਮ ਜਨ ਜੀਵਨ ਲੀਹ ਤੋਂ ਲਹਿ ਗਈ ਹੈ।
ਯੂਨੀਵਰਸਿਟੀ ਦੇ ਮੌਸਮ ਮਾਹਿਰਾਂ ਦੀ ਰਿਪੋਰਟ ਅਨੁਸਾਰ ਭਾਵੇਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਰੈੱਡ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਸਮੇਤ ਬਠਿੰਡਾ, ਬਰਨਾਲਾ, ਸੰਗਰੂਰ, ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਜਲੰਧਰ ਵਿੱਚ ਅਗਲੇ ਦਿਨਾਂ ਵਿੱਚ ਸ਼ੀਤ ਲਹਿਰ ਚੱਲਣ ਦਾ ਅਨੁਮਾਨ ਹੈ।
ਮੌਸਮ ਦੇ ਬਦਲਾਅ ਨੂੰ ਵੇਖਦੇ ਹੋਏ ਸਿਹਤ ਵਿਭਾਗ ਸੀਤ ਲਹਿਰ ਤੋਂ ਬਚਾਅ ਸਬੰਧੀ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਸਰਦ ਰੁੱਤ ਦੇ ਮੌਸਮ ਵਿੱਚ ਲਗਾਤਾਰ ਘਟ ਰਹੇ ਤਾਪਮਾਨ ਵਿੱਚ ਸਿਹਤ ਪ੍ਰਤੀ ਲਾਹਪ੍ਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਰਾਏ ਨੇ ਕਿਹਾ ਕਿ ਖਾਸ ਕਰ ਬਜ਼ੁਰਗਾਂ ਅਤੇ ਬੱਚਿਆਂ ਲਈ ਬਹੁਤ ਘੱਟ ਤਾਪਮਾਨ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਹਾਈਪੋਥਮੀਆ, ਫਰੋਸਟਬਾਈਟ ਚਿਲਬਲੇਨ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਲੰਮਾ ਸਮਾਂ ਬਹੁਤ ਘੱਟ ਤਾਪਮਾਨ ਵਿੱਚ ਰਹਿਣ ਨਾਲ ਵਿਅਕਤੀ ਹਾਈਪੋਥਰਮੀਆ ਦਾ ਸ਼ਿਕਾਰ ਹੋ ਸਕਦਾ ਹੈ, ਜਿਸ ਵਿੱਚ ਸਰੀਰ ਠੰਢਾ ਪੈ ਜਾਂਦਾ ਹੈ, ਕਾਂਬਾ ਲਗਦਾ ਹੈ ਤੇ ਸਰੀਰ ਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਵਿਅਕਤੀ ਦੀ ਯਾਦਾਸ਼ਤ ਵੀ ਜਾ ਸਕਦੀ ਹੈ। ਇਸ ਤਰ੍ਹਾਂ ਬਹੁਤ ਲੰਮਾ ਸਮਾਂ ਠੰਢ ਵਿੱਚ ਪੈਣ ਨਾਲ ਹੱਥ-ਪੈਰ ਨੀਲੇ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਠੰਢ ਤੋਂ ਬਚਾਅ ਲਈ ਗਰਮ ਕੱਪੜੇ, ਬਿਨਾਂ ਕੰਮ ਤੋਂ ਬਾਹਰ ਨਾ ਜਾਣਾ, ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਰੱਖਣਾ, ਮੌਸਮ ਵਿਭਾਗ ਦੀਆਂ ਚਿਤਾਵਨੀਆਂ ’ਤੇ ਅਮਲ ਕਰਨਾ ਜ਼ਰੂਰੀ ਹੈ।