ਪੰਜਾਬ ’ਚ ਮਈ ਦੌਰਾਨ ਜੀਐੱਸਟੀ ਮਾਲੀਆ ਪਿਛਲੇ ਵਰ੍ਹੇ ਨਾਲੋਂ 25.31 ਫ਼ੀਸਦ ਵਧਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਜੂਨ
ਪੰਜਾਬ ਵਿੱਚ ਮਈ ਮਹੀਨੇ ਦੌਰਾਨ ਪਿਛਲੇ ਵਰ੍ਹੇ ਨਾਲੋਂ 25.31 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਹੈ। ਇਸ ਸਾਲ ਮਈ ਮਹੀਨੇ ਵਿੱਚ 2006.31 ਕਰੋੜ ਰੁਪਏ ਦਾ ਜੀਐੱਸਟੀ ਮਾਲੀਆ ਇਕੱਠਾ ਹੋਇਆ ਹੈ, ਜੋ ਕਿ ਪਿਛਲੇ ਵਰ੍ਹੇ ਨਾਲੋਂ 405.17 ਕਰੋੜ ਰੁਪਏ ਵੱਧ ਹੈ। ਪਿਛਲੇ ਸਾਲ ਮਈ ਵਿੱਚ 1,601.14 ਕਰੋੜ ਰੁਪਏ ਜੀਐੱਸਟੀ ਰਾਹੀਂ ਇਕੱਠੇ ਹੋਏ ਸਨ। ਉਸ ਤੋਂ ਪਿਛਲੇ ਸਾਲ ਮਈ 2023 ਵਿੱਚ ਜੀਐੱਸਟੀ ਦੇ 1,480 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਬਾਰੇ ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿੱਤੀ ਸੂਝ-ਬੂਝ ਅਤੇ ਆਰਥਿਕ ਸੁਧਾਰ ਕਰਕੇ ਲਗਾਤਾਰ ਸੂਬੇ ਦੇ ਮਾਲੀਏ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਸਾਲ-ਦਰ-ਸਾਲ ਤੇ ਪ੍ਰਤੀ ਮਹੀਨਾ ਹੋ ਰਹੇ ਵਿਕਾਸ ਨੂੰ ਦਰਸਾਉਂਦਾ ਹੈ ਜਿਸ ਸਦਕਾ ਪੰਜਾਬ ਕਰ ਗਤੀਸ਼ੀਲਤਾ ਵਿੱਚ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚ ਸ਼ਾਮਲ ਹੋ ਗਿਆ ਹੈ। ਮੌਜੂਦਾ ਸਰਕਾਰ ਵੱਲੋਂ ਕਰ ਚੋਰੀ ਨੂੰ ਰੋਕਿਆ ਗਿਆ ਹੈ ਅਤੇ ਇੱਕ ਸਹਿਜ ਟੈਕਸ ਢਾਂਚਾ ਪ੍ਰਦਾਨ ਕੀਤਾ ਗਿਆ ਹੈ। ਸ੍ਰੀ ਚੀਮਾ ਨੇ ਕਿਹਾ ਕਿ ਮਈ 2025 ਵਿੱਚ ਪੰਜਾਬ ਵਿੱਚ ਰਿਕਾਰਡ ਜੀਐਸਟੀ ਦਾ ਵਾਧਾ ਕਰ ਵਸੂਲੀ ਵਿੱਚ ਲਿਆਂਦੇ ਗਏ ਸੁਧਾਰ, ਸਰਗਰਮ ਕਰਦਾਤਾਵਾਂ ਦੀ ਸ਼ਮੂਲੀਅਤ ਅਤੇ ਕਰ ਵਿਭਾਗ ਵੱਲੋਂ ਮਜ਼ਬੂਤ ਇਨਫੋਰਸਮੈਂਟ ਦੇ ਸੁਮੇਲ ਦਾ ਨਤੀਜਾ ਹੈ। ਇਸ ਦੌਰਾਨ ਜਾਅਲੀ ਫਰਮਾਂ ਦੀ ਤਸਦੀਕ ਕੀਤੀ ਗਈ ਤੇ ਹੋਰ ਸਖਤ ਫੈਸਲੇ ਲਏ ਗਏ।