ਪੰਜਾਬ ’ਚ ਦਿਨ ਰਿਹਾ ਗਰਮ, ਰਾਤ ਨੂੰ ਕਈ ਥਾਈਂ ਮੀਂਹ
ਆਤਿਸ਼ ਗੁਪਤਾ
ਚੰਡੀਗੜ੍ਹ, 24 ਮਈ
ਪੰਜਾਬ ਵਿੱਚ ਅੱਜ ਸਾਰਾ ਦਿਨ ਗਰਮੀ ਦਾ ਕਹਿਰ ਜਾਰੀ ਰਿਹਾ, ਜਿਸ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ। ਉਧਰ, ਸ਼ਾਮ ਹੁੰਦਿਆਂ ਹੀ ਪੰਜਾਬ ਦੇ ਕਈ ਖੇਤਰਾਂ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ। ਇਸ ਦੌਰਾਨ ਝੱਖੜ ਮਗਰੋਂ ਮੀਂਹ ਵੀ ਪਿਆ। ਮੌਸਮ ਵਿਭਾਗ ਨੇ ਪੰਜਾਬ ਵਿੱਚ 26 ਤੇ 27 ਮਈ ਨੂੰ ਕਈ ਖੇਤਰਾਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਹਲਕਾ ਤੇ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਭਾਗ ਨੇ ਓਰੈਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਲਹਿੰਦੇ ਪੰਜਾਬ ਵੱਲ ਤੋਂ ਆਈਆਂ ਤੇਜ਼ ਹਵਾਵਾਂ ਨੇ ਚੜ੍ਹਦੇ ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲ ਦਿੱਤਾ। ਇਸ ਦੌਰਾਨ ਰਾਤ 8 ਵਜੇ ਦੇ ਕਰੀਬ ਜਲੰਧਰ, ਫਾਜ਼ਿਲਕਾ, ਅੰਮ੍ਰਿਤਸਰ ਵਿੱਚ ਝੱਖੜ ਚੱਲਿਆ, ਜਿਸ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ।
ਅੱਜ ਪੰਜਾਬ ਵਿੱਚ ਫਾਜ਼ਿਲਕਾ ਸ਼ਹਿਰ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 37.2 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 39.4, ਲੁਧਿਆਣਾ ’ਚ 39, ਪਟਿਆਲਾ ਵਿੱਚ 38.2 , ਬਠਿੰਡਾ ਵਿੱਚ 41, ਨਵਾਂਸ਼ਹਿਰ ਵਿੱਚ 36.7, ਫ਼ਤਹਿਗੜ੍ਹ ਸਾਹਿਬ ਵਿੱਚ 36.5, ਫਿਰੋਜ਼ਪੁਰ ਵਿੱਚ 39.1, ਹੁਸ਼ਿਆਰਪੁਰ ਵਿੱਚ 37.1, ਜਲੰਧਰ ਵਿੱਚ 38.8, ਮੋਗਾ ਵਿੱਚ 38.4, ਮੁਹਾਲੀ ਵਿੱਚ 36.3, ਪਠਾਨਕੋਟ ਵਿੱਚ 38.5, ਰੋਪੜ ਵਿੱਚ 36.7 ਅਤੇ ਸੰਗਰੂਰ ਵਿੱਚ 38.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।