ਪੰਜਾਬ ’ਚ ਗਰਮੀ ਨੇ ਕੱਢੇ ਵੱਟ, ਭਲਕ ਤੋਂ ਬਦਲੇਗਾ ਮੌਸਮ ਦਾ ਮਿਜ਼ਾਜ
ਆਤਿਸ਼ ਗੁਪਤਾ
ਚੰਡੀਗੜ੍ਹ, 17 ਮਈ
ਪੰਜਾਬ ਅਤੇ ਹਰਿਆਣਾ ਵਿੱਚ ਕੁਝ ਦਿਨਾਂ ਤੋਂ ਅਤਿ ਦੀ ਗਰਮੀ ਪੈ ਰਹੀ ਹੈ। ਗਰਮੀ ਵਧਣ ਅਤੇ ਲੂ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਉਂਝ ਮੌਸਮ ਵਿਭਾਗ ਨੇ ਪੰਜਾਬ ਵਿੱਚ 19, 20 ਅਤੇ 21 ਮਈ ਨੂੰ ਮੌਸਮ ਦਾ ਮਿਜ਼ਾਜ ਮੁੜ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਵੱਲੋਂ ਤਿੰਨ ਦਿਨਾਂ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਬਿਜਲੀ ਲਿਸ਼ਕਣ ਦੇ ਨਾਲ-ਨਾਲ ਹਲਕਾ ਤੇ ਦਰਮਿਆਣਾ ਮੀਂਹ ਵੀ ਪਵੇਗਾ। ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ ਅਤੇ ਧੁੱਪ ਤੋਂ ਬਚਾਅ ਰੱਖਣ ਦਾ ਸੁਝਾਅ ਦਿੱਤਾ ਹੈ। ਪੰਜਾਬ ਵਿੱਚ ਅੱਜ ਬਠਿੰਡਾ ਏਅਰਪੋਰਟ ਦਾ ਇਲਾਕਾ ਸਭ ਤੋਂ ਵੱਧ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਭਿਵਾਨੀ ਸ਼ਹਿਰ ’ਚ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਰਿਹਾ। ਇਹ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਵੱਧ ਰਿਹਾ ਹੈ।
ਗਰਮੀ ਵਧਣ ਕਰਕੇ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਕਾਰਨ ਸਬਜ਼ੀਆਂ ਸੁੱਕ ਰਹੀਆਂ ਹਨ। ਇਸ ਤੋਂ ਇਲਾਵਾ ਬੱਚਿਆਂ ਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 41.6, ਲੁਧਿਆਣਾ ’ਚ 42.8, ਪਟਿਆਲਾ ’ਚ 42.6, ਪਠਾਨਕੋਟ ’ਚ 41, ਬਠਿੰਡਾ ਸ਼ਹਿਰ ’ਚ 44, ਫ਼ਰੀਦਕੋਟ ’ਚ 43.5, ਫਤਹਿਗੜ੍ਹ ਸਾਹਿਬ ’ਚ 41.2, ਫਾਜ਼ਿਲਕਾ ’ਚ 43.6, ਫ਼ਿਰੋਜ਼ਪੁਰ ’ਚ 41.6, ਹੁਸ਼ਿਆਰਪੁਰ ’ਚ 39.4, ਜਲੰਧਰ ’ਚ 40.9, ਮੁਹਾਲੀ ’ਚ 38.9, ਮੋਗਾ ’ਚ 41.6 ਅਤੇ ਰੋਪੜ ’ਚ 39.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਬਿਜਲੀ ਦੀ ਮੰਗ 12,200 ਮੈਗਾਵਾਟ ਤੋਂ ਟੱਪੀ
ਪੰਜਾਬ ਵਿੱਚ ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 12,235 ਮੈਗਾਵਾਟ ’ਤੇ ਪਹੁੰਚ ਗਈ। ਬਿਜਲੀ ਦੀ ਮੰਗ ਵਧਣ ਕਾਰਨ ਸੂਬੇ ਵਿੱਚ ਕਈ ਥਾਵਾਂ ’ਤੇ ਬਿਜਲੀ ਦੇ ਕੱਟ ਵੀ ਲੱਗ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਵੀ ਸੂਬੇ ਵਿੱਚ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਦਰਜ ਕੀਤੀ ਗਈ।