ਪੰਜਾਬ ’ਚ ਕਣਕ ਦਾ ਖ਼ਰੀਦ ਸੀਜ਼ਨ ਸਮਾਪਤ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):
ਪੰਜਾਬ ਵਿੱਚ ਕਣਕ ਦੀ ਖ਼ਰੀਦ ਲਈ ਪਹਿਲੀ ਅਪਰੈਲ ਤੋਂ ਸ਼ੁਰੂ ਹੋਇਆ ਸੀਜ਼ਨ ਸਮਾਪਤ ਹੋ ਗਿਆ ਹੈ। ਇਸ ਵਾਰ ਸੂਬੇ ਵਿੱਚ ਫ਼ਸਲ ਦੀ ਪੈਦਾਵਾਰ ਬੰਪਰ ਹੋਈ ਹੈ। ਪੰਜਾਬ ਸਰਕਾਰ ਨੇ ਐਤਕੀਂ 124 ਲੱਖ ਟਨ ਕਣਕ ਖ਼ਰੀਦਣ ਦਾ ਟੀਚਾ ਮਿੱਥਿਆ ਸੀ ਜਦੋਂ ਕਿ ਮੰਡੀਆਂ ਵਿੱਚੋਂ ਕੁੱਲ 130.02 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਵਿੱਚੋਂ ਸਰਕਾਰੀ ਖ਼ਰੀਦ ਏਜੰਸੀਆਂ ਨੇ 119 ਲੱਖ ਟਨ ਕਣਕ ਜਦੋਂਕਿ 10.79 ਲੱਖ ਟਨ ਪ੍ਰਾਈਵੇਟ ਖ਼ਰੀਦਦਾਰਾਂ ਵੱਲੋਂ ਖ਼ਰੀਦੀ ਗਈ ਹੈ। ਇਸ ਵਾਰ ਪੰਜਾਬ ਵਿੱਚ ਕਣਕ ਦੀ ਬੰਪਰ ਪੈਦਾਵਾਰ ਹੋਣ ਦੇ ਨਾਲ ਹੀ ਮੰਡੀਆਂ ਵਿੱਚ ਪ੍ਰਾਈਵੇਟ ਖ਼ਰੀਦਦਾਰਾਂ ਨੇ ਵੀ ਜ਼ਿਆਦਾ ਕਣਕ ਖ਼ਰੀਦੀ ਹੈ। ਇਨ੍ਹਾਂ ਨੇ ਐੱਮਐੱਸਪੀ ਨਾਲ 50 ਤੋਂ 100 ਰੁਪਏ ਪ੍ਰਤੀ ਕੁਇੰਟਲ ਵਾਧੇ ’ਤੇ ਕਣਕ ਖ਼ਰੀਦੀ ਹੈ। ਪਹਿਲਗਾਮ ਹਮਲੇ ਮਗਰੋਂ ਭਾਵੇਂ ਸਰਹੱਦ ’ਤੇ ਤਣਾਅ ਦਾ ਮਾਹੌਲ ਬਣ ਗਿਆ ਸੀ। ਇਸ ਦੇ ਬਾਵਜੂਦ ਸਰਹੱਦੀ ਜ਼ਿਲ੍ਹਾ ਪਠਾਨਕੋਟ ਵਿੱਚ 61729 ਟਨ, ਗੁਰਦਾਸਪੁਰ ਵਿੱਚ 6.78 ਲੱਖ ਟਨ, ਅੰਮ੍ਰਿਤਸਰ ਵਿੱਚ 7.48, ਤਰਨ ਤਾਰਨ ਵਿੱਚ 7.81, ਫ਼ਿਰੋਜ਼ਪੁਰ ’ਚ 8.54 ਤੇ ਫ਼ਾਜ਼ਿਲਕਾ ਵਿੱਚ 7.72 ਲੱਖ ਟਨ ਕਣਕ ਖ਼ਰੀਦੀ ਗਈ ਹੈ।