ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ: ਕਰੀਮਪੁਰੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਜੂਨ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੋ ਗਈ ਹੈ ਅਤੇ ਨਸ਼ੇ ਵੀ ਖ਼ਤਮ ਨਹੀਂ ਹੋਏ ਹਨ। ਉਹ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਗਾਲਿਬ ਕਲਾਂ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਨਸ਼ੇ ਖ਼ਤਮ ਨਹੀਂ ਹੋਏ। ਹਾਲੇ ਵੀ ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹਨ। ਜੇਕਰ ਕੋਈ ਆਪਣੀ ਪੱਧਰ ’ਤੇ ਨਸ਼ਾ ਤਸਕਰਾਂ ਨੂੰ ਰੋਕਣ ਦਾ ਯਤਨ ਕਰਦਾ ਹੈ ਤਾਂ ਉਸ ’ਤੇ ਹਮਲੇ ਕੀਤੇ ਜਾਂਦੇ ਹਨ। ਸਾਬਕਾ ਹਲਕਾ ਪ੍ਰਧਾਨ ਲਛਮਣ ਸਿੰਘ ਗਾਲਿਬ ਦੇ ਨੌਜਵਾਨ ਪੁੱਤਰ ਦੀ ਹੋਈ ਮੌਤ ’ਤੇ ਅਫ਼ਸੋਸ ਪ੍ਰਗਟ ਕਰਨ ਮਗਰੋਂ ਗੱਲਬਾਤ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਨੇ ਸਮੂਹ ਪੰਜਾਬੀਆਂ ਨੂੰ ‘ਪੰਜਾਬ ਸੰਭਾਲੋ’ ਮੁਹਿੰਮ ਦਾ ਹਿੱਸਾ ਬਣ ਕੇ ਪੰਜਾਬ ਨੂੰ ਬਚਾਉਣ ਦਾ ਸੱਦਾ ਦਿੱਤਾ। ਪੰਜਾਬੀ ਨੌਜਵਾਨਾਂ ’ਤੇ ਪੁਲੀਸ ਤਸ਼ੱਦਦ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਇਸ ਸਬੰਧੀ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਰੀਮਪੁਰੀ ਨੇ ਕਿਹਾ ਕਿ ਪੰਜਾਬ ਨੂੰ ਪੁਲੀਸ ਸਟੇਟ ਬਣਾ ਦਿੱਤਾ ਗਿਆ ਹੈ ਤੇ ਸਾਰਾ ਕੰਟਰੋਲ ਲੱਗਦਾ ਪੁਲੀਸ ਦੇ ਹੱਥ ਵਿੱਚ ਹੈ। ਪੰਜਾਬ ਨੂੰ ਜਾਂ ਪੁਲੀਸ ਚਲਾ ਰਹੀ ਹੈ ਜਾਂ ਦਿੱਲੀ ਵਾਲੇ, ਭਗਵੰਤ ਮਾਨ ਸਿਰਫ ਡੰਮੀ ਮੁੱਖ ਮੰਤਰੀ ਹਨ। ਉਨ੍ਹਾਂ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ’ਤੇ ਤਸ਼ੱਦਦ ਤੇ ਵਿਤਕਰੇ ਦੀਆਂ ਵਧ ਰਹੀਆਂ ਘਟਨਾਵਾਂ ’ਤੇ ਵੀ ਚਿੰਤਾ ਪ੍ਰਗਟਾਈ।
ਉਨ੍ਹਾਂ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿੱਚ ਵੀ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਪਰਵੀਨ ਬੰਗਾ, ਪਰਗਨ ਬਿਲਗਾ, ਬਲਵਿੰਦਰ ਬਿੱਟਾ, ਪ੍ਰਧਾਨ ਹਰਜੀਤ ਸਿੰਘ ਬੱਬੂ ਅਤੇ ਬਾਮਸੇਫ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮਾਸਟਰ ਰਸ਼ਪਾਲ ਸਿੰਘ ਗਾਲਿਬ ਆਦਿ ਹਾਜ਼ਰ ਸਨ। ਇਸ ਦੌਰਾਨ ਬਸਪਾ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੀ ਮੀਟਿੰਗ 9 ਜੂਨ ਨੂੰ ਪਿੰਡ ਗਾਲਿਬ ਕਲਾਂ ਵਿੱਚ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।