ਪੰਜਾਬੀ ਸਾਹਿਤ ਸਭਾ ਵੱਲੋਂ ਪਰਵਾਸੀ ਲੇਖਕਾ ਨਾਲ ਰੂ-ਬ-ਰੂ
ਖੇਤਰੀ ਪ੍ਰਤੀਨਿਧ
ਬਰਨਾਲਾ, 6 ਫਰਵਰੀ
ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਪਰਵਾਸੀ ਲੇਖਿਕਾ ਕੁਲਵੰਤ ਕੌਰ ਢਿੱਲੋਂ ਦਾ ਰੂ-ਬ-ਰੂ ਸਮਾਗਮ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸੁਰਿੰਦਰ ਸਿੰਘ ਭੱਠਲ ਤੇ ਗਗਨਦੀਪ ਕੌਰ ਭੱਠਲ ਵੀ ਸ਼ਾਮਲ ਸਨ।
ਸਭਾ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਸਵਾਗਤੀ ਸੰਬੋਧਨ ਦੌਰਾਨ ਮਹਿਮਾਨ ਲੇਖਿਕਾ ਕੁਲਵੰਤ ਕੌਰ ਢਿੱਲੋਂ ਬਾਰੇ ਸੰਖੇਪ ਜਾਣ-ਪਹਿਚਾਣ ਕਰਵਾਈ। ਆਪਣੇ ਸੰਬੋਧਨ ਵਿੱਚ ਕੁਲਵੰਤ ਕੌਰ ਢਿੱਲੋਂ ਨੇ ਕਿਹਾ ਕਿ ਹਰ ਵਿਅਕਤੀ ਕਵੀ ਹੈ, ਹਰ ਘਰ ਕਹਾਣੀ ਹੈ ਅਤੇ ਸਮੁੱਚਾ ਸੰਸਾਰ ਨਾਵਲ ਹੈ। ਪਰ ਇੱਕ ਸੰਵੇਦਨਸ਼ੀਲ ਵਿਅਕਤੀ ਹੀ ਸਾਹਿਤ ਰਚਨਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਦੋ ਤਰ੍ਹਾਂ ਦਾ ਹੁੰਦਾ ਹੈ, ਇਕ ਜੋ ਲਿਖਦੇ ਹਾਂ ਅਤੇ ਦੂਜਾ ਜੋ ਜਿਉਂਦੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਇੰਗਲੈਂਡ ਦੇ ਸੱਭਿਆਚਾਰ ਅਤੇ ਬੋਲੀ ਸਬੰਧੀ ਵੀ ਵਿਚਾਰ ਸਾਂਝੇ ਕੀਤੇ।
ਮੰਚ ਸੰਚਾਲਨ ਮਾਲਵਿੰਦਰ ਸ਼ਾਇਰ ਨੇ ਕੀਤਾ। ਉਪਰੰਤ ਹੋਏ ਕਵੀ ਦਰਬਾਰ ‘ਚ ਡਾ. ਤਰਸਪਾਲ ਕੌਰ, ਪ੍ਰੋ. ਹਰਪ੍ਰੀਤ ਕੌਰ, ਰਘਬੀਰ ਸਿੰਘ ਗਿੱਲ ਕੱਟੂ, ਡਾ. ਅਨਿਲ ਸ਼ੋਰੀ, ਡਾ. ਰਾਮਪਾਲ ਸਿੰਘ ਸ਼ਾਹਪੁਰੀ, ਚਰਨ ਸਿੰਘ ਭਦੌੜ, ਤੇਜਿੰਦਰ ਚੰਡਿਹੋਕ, ਤੇਜਾ ਸਿੰਘ ਤਿਲਕ ਨੇ ਕਲਾਮ ਸੁਣਾਏ।