ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ ਕਲਾਂ ਦੀ ਸਰਬਸੰਮਤੀ ਨਾਲ ਚੋਣ
ਜਗਤਾਰ ਸਮਾਲਸਰ
ਏਲਨਾਬਾਦ, 20 ਮਈ
ਕਾਮਰੇਡ ਹਰਦੇਵ ਸਿੰਘ ਵਿਰਕ ਦੀ ਪ੍ਰਧਾਨਗੀ ਵਿੱਚ ਅੱਜ ਸਾਹਿਤਕਾਰਾਂ ਦੀ ਮੀਟਿੰਗ ਸ਼ਹੀਦ ਬਿਸ਼ਨ ਸਿੰਘ ਲਾਇਬਰੇਰੀ ਪਿੰਡ ਅੰਮ੍ਰਿਤਸਰ ਕਲਾਂ ਵਿੱਚ ਹੋਈ। ਇਸ ਦੌਰਾਨ ਅਜੋਕੇ ਸਮੇਂ ’ਚ ਸਾਹਿਤਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਦੀ ਸਮਾਜ ਨੂੰ ਦਿਸ਼ਾ ਤੇ ਦਸ਼ਾ ਦੇਣ ਵਿੱਚ ਯੋਗਦਾਨ ਅਤੇ ਚਿੰਤਕਾਂ ਅਤੇ ਲਿਖਾਰੀਆਂ ਨੂੰ ਸਮਾਜ ਸੁਧਾਰ ਲਈ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਆਦਿ ਵਿਸ਼ਿਆਂ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਦੌਰਾਨ ਸਾਹਿਤਕਾਰਾਂ ਨੇ ਆਪਣੇ ਵਿਚਾਰ ਅਤੇ ਸਾਹਿਤਕ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ ਕਲਾਂ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਹਰਦੇਵ ਸਿੰਘ ਵਿਰਕ ਨੂੰ ਸਰਪ੍ਰਸਤ, ਲੈਕਚਰਰ ਸੁਖਦੇਵ ਸਿੰਘ ਵੜੈਚ ਸਰਪ੍ਰਸਤ, ਮਾਸਟਰ ਮੁਖਤਿਆਰ ਸਿੰਘ ਚੱਠਾ ਪ੍ਰਧਾਨ, ਰਾਜਿੰਦਰ ਸਿੰਘ ਰਾਜ ਉਪ-ਪ੍ਰਧਾਨ, ਲੈਕਚਰਾਰ ਹਰਦੇਵ ਸਿੰਘ ਪੁਰੇਵਾਲ ਸਕੱਤਰ, ਮਨਜੀਤ ਸਿੰਘ ਹੰਜ਼ਰਾ ਖਜ਼ਾਨਚੀ, ਗੁਰਮੁੱਖ ਸਿੰਘ ਵਿਰਕ ਅਤੇ ਮਾਨ ਸਿੰਘ ਮੈਂਬਰ ਚੁਣੇ ਗਏ। ਇਸ ਦੌਰਾਨ ਪੰਜਾਬੀ ਸਾਹਿਤ ਸਭਾ ਦੀ ਬੈਠਕ ਹਰ ਮਹੀਨੇ ਦੇ ਪਹਿਲੇ ਐਤਵਾਰ ਸ਼ਹੀਦ ਬਿਸ਼ਨ ਸਿੰਘ ਲਾਇਬ੍ਰੇਰੀ ਪਿੰਡ ਅੰਮ੍ਰਿਤਸਰ ਕਲਾਂ ਵਿੱਚ ਸ਼ਾਮ 5 ਵਜੇ ਕਰਵਾਏ ਜਾਣ ਦਾ ਫ਼ੈਸਲਾ ਵੀ ਲਿਆ ਗਿਆ।