ਪੰਜਾਬੀ ਸਾਹਿਤ ਕਲਾ ਵੱਲੋਂ ਪੁਸਤਕ ‘ਘਰ ਵਾਪਸੀ’ ਲੋਕ ਅਰਪਣ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਫਰਵਰੀ
ਪੰਜਾਬੀ ਸਾਹਿਤ ਕਲਾ ਸੰਗਮ ਦਿੱਲੀ ਵਲੋਂ ਪੰਜਾਬੀ ਬਾਗ ਕਲੱਬ ਵਿਚ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸਬੰਧਿਤ ਪੁਸਤਕ ‘ਘਰ ਵਾਪਸੀ’ ਦੀ ਘੁੰਡ ਚੁਕਾਈ ਕੀਤੀ ਗਈ। ਪੁਸਤਕ ਦੇ ਲੇਖਕ ਰਾਜਿੰਦਰ ਸਿੰਘ ਜਾਲੀ (ਯੂ.ਐਸ.ਏ) ਅਤੇ ਸਹਿ ਲੇਖਕ ਮੱਖਣ ਸਿੰਘ (ਸਾਬਕਾ ਡੀ.ਜੀ.ਐਮ, ਪੰਜਾਬ ਐਂਡ ਸਿੰਧ ਬੈਂਕ) ਨੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸਬੰਧਿਤ ਰਹਿ ਗਏ ਅਣਗੌਲੇ ਪੱਖਾਂ ਉਤੇ ਚਾਨਣਾ ਪਾਇਆ। ਇਹ ਪੁਸਤਕ ਦਲੀਪ ਸਿੰਘ ਦੇ ਜੀਵਨ ਨਾਲ ਜੁੜੀਆਂ ਪਹਿਲੀਆਂ ਪੁਸਤਕਾਂ ਨਾਲੋਂ ਬਿਲਕੁਲ ਵੱਖਰੀ ਕਿਸਮ ਦੀ ਪੁਸਤਕ ਹੈ, ਜਿਸ ਵਿਚ ਉਨ੍ਹਾਂ ਦੇ ਜੀਵਨ ਤੋਂ ਲੈ ਕੇ ਮੌਤ ਤੋਂ ਬਾਅਦ ਤੱਕ ਦੇ ਉਹ ਤੱਥ ਹਨ ਜਿਨ੍ਹਾਂ ‘ਤੇ ਕਿਸੇ ਵੀ ਲੇਖਕ ਨੇ ਹੁਣ ਤਕ ਚਾਨਣਾ ਨਹੀਂ ਪਾਇਆ, ਇਸ ਵਿਚ ਉਨ੍ਹਾਂ ਤੱਥਾਂ ਨੂੰ ਬਹੁਤ ਬਰੀਕੀ ਬਿਆਨ ਕੀਤਾ ਗਿਆ ਹੈ। ਸਮਾਰੋਹ ਵਿਚ ਭਾਰਤ ਅਤੇ ਭਾਰਤ ਤੋਂ ਬਾਹਰੋਂ ਸਿੱਖ ਸਾਹਿਤ ਅਤੇ ਇਤਿਹਾਸ ਦੇ ਪਤਵੰਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਗਈ। ਇਨ੍ਹਾਂ ਵਿੱਚ ਪ੍ਰੋ. ਮਨਜੀਤ ਸਿੰਘ, ਤਰਲੋਚਨ ਸਿੰਘ, ਡਾ. ਚਰਨ ਸਿੰਘ ਤੇ ਐਸ.ਐਸ. ਕੋਹਲੀ ਆਦਿ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਗਿਆਨ ਸਿੰਘ ਕੰਗ ਨੂੰ ਸਨਮਾਨਿਤ ਚਿੰਨ੍ਹ ਦੇ ਨਾਲ ਸਨਮਾਨਿਆ ਗਿਆ। ਉਪਰੰਤ ਤਰਲੋਚਨ ਸਿੰਘ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਅਸਥੀਆਂ ਯੂ.ਕੇ. ਵਿਚ ਕਬਰ ਰੂਪ ‘ਚ ਹਨ, ਉਨ੍ਹਾਂ ਦਾ ਸਸਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਮਹਾਰਾਣੀ ਜਿੰਦਾ ਦੀ ਮੌਤ ਦੀ ਘਟਨਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਨਾਸਿਕ ਸ਼ਹਿਰ ਵਿਚ ਬਣੀ ਮਹਾਰਾਣੀ ਜਿੰਦਾ ਦੀ ਸਮਾਧ ‘ਤੇ ਮਿਊਜ਼ੀਅਮ ਬਣਾਉਣ ਦੀ ਗੱਲ ਕੀਤੀ। ਪ੍ਰੋ. ਮਨਜੀਤ ਸਿੰਘ ਨੇ ਪੁਸਤਕ ਦੇ ਹਵਾਲੇ ਨਾਲ ਸਿੱਖਾਂ ਨੂੰ ਇਕਮਤ ਹੋਕੇ ਚੱਲਣ ਲਈ ਆਖਿਆ।