ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ’ਵਰਸਿਟੀ ਵਿੱਚ ਬਾਲ ਰੰਗਮੰਚ ਉਤਸਵ ਸਮਾਪਤ

04:29 AM Dec 18, 2024 IST
ਨਾਟਕ ‘ਮੰਮੀ ਪਾਪਾ..ਆਈ ਲਵ ਯੂ’ ਦੀ ਪੇਸ਼ਕਾਰੀ ਦਿੰਦੇ ਹੋਏ ਕਲਾਕਾਰ।
ਖੇਤਰੀ ਪ੍ਰਤੀਨਿਧ
Advertisement

ਪਟਿਆਲਾ, 17 ਦਸੰਬਰ

ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਬਾਲ ਰੰਗਮੰਚ ਉਤਸਵ ਦੇ ਅੰਤਿਮ ਦਿਨ ਪ੍ਰਸਿੱਧ ਨਿਰਦੇਸ਼ਕ ਚਕਰੇਸ਼ ਦੀ ਨਿਰਦੇਸ਼ਨਾ ਹੇਠ ਮੰਜੂ ਯਾਦਵ ਦਾ ਲਿਖਿਆ ਨਾਟਕ ‘ਮੰਮੀ ਪਾਪਾ..ਲਵ ਯੂ’ ਦੀ ਪੇਸ਼ਕਾਰੀ ਨੇ ਭਾਰਤੀ ਸਮਾਜ ਵਿੱਚ ਬਾਲਾਂ ਦੀ ਪਰਵਰਿਸ਼ ’ਤੇ ਕਈ ਸੁਆਲ ਖੜ੍ਹੇ ਕੀਤੇ। ਨਾਟਕ ਨੇ ਮਾਪਿਆਂ ਅਤੇ ਸਿੱਖਿਆ ਨੀਤੀ ਦੀ ਭੂਮਿਕਾ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਸਪੱਸ਼ਟ ਸੰਕੇਤ ਦਿੱਤਾ ਕਿ ਜਿੰਨੀ ਦੇਰ ਤੱਕ ਭਾਰਤੀ ਮਾਪੇ ਆਪਣੇ ਸੁਪਨੇ ਬਾਲਾਂ ’ਤੇ ਥੋਪਣ ਦੀ ਥਾਂ ਬਾਲਾਂ ਦੇ ਆਪਣੇ ਸੁਪਨਿਆਂ ਨੂੰ ਨਹੀਂ ਸਮਝਦੇ ਅਤੇ ਸਿੱਖਿਆ ਨੀਤੀ ਵਿੱਚ ਬਾਲਾਂ ਦੀਆਂ ਰੁਚੀਆਂ ਅਤੇ ਮਨੋਵਿਗਿਆਨ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ, ਓਨੀ ਦੇਰ ਤੱਕ ਬਾਲ ਨਿਰਾਸ਼ਾ ਅਤੇ ਇਕੱਲਤਾ ਦੀ ਗ੍ਰਿਫ਼ਤ ਵਿੱਚ ਰਹਿਣਗੇ, ਜਿੱਥੋਂ ਬਹੁਤ ਸਾਰੇ ਰਸਤੇ ਖ਼ੁਦਕੁਸ਼ੀਆਂ, ਕ੍ਰਾਈਮ ਅਤੇ ਨਸ਼ਿਆਂ ਵੱਲ ਨਿਕਲਦੇ ਹਨ।

Advertisement

ਇਸ ਸ਼ਾਮ ਦਾ ਆਗਾਜ਼ ਫੀਲਖਾਨਾ ਸਕੂਲ ਦੇ ਹਰਿਭੱਲਭ ਸੰਗੀਤ ਮੁਕਾਬਲੇ ਦੇ ਜੇਤੂ ਵਿਦਿਆਰਥੀ ਸਤਿਨੂਰ ਸ਼ਰਮਾ ਦੀ ਸਿਤਾਰ ਵਾਦਨ ਦੀ ਪੇਸ਼ਕਾਰੀ ਅਤੇ ਉਸ ਦੇ ਵਿਸ਼ੇਸ਼ ਸਨਮਾਨ ਨਾਲ ਹੋਇਆ। ਮੂਲੇਪੁਰ ਸਕੂਲ ਦੇ ਵਿਦਿਆਰਥੀ ਪ੍ਰਿੰਸ ਦੇ ਢੋਲ ਵਾਦਨ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ। ਸਰਕਾਰੀ ਪ੍ਰਾਇਮਰੀ ਸਕੂਲ ਬੱਲਮਗੜ੍ਹ ਦੀ ਦੂਜੀ ਜਮਾਤ ਵਿੱਚ ਪੜ੍ਹਦੀ ਬਾਲੜੀ ਖ਼ਵਾਹਿਸ਼ ਦੇ ਗਿੱਧੇ ਨੇ ਦਰਸ਼ਕ ਝੂੰਮਣ ਲਾ ਦਿੱਤੇ। ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਬਾਲ ਸਾਹਿਤ ਲੇਖਕ ਸਤਪਾਲ ਭੀਖੀ ਅਤੇ ‘ਤਾਰੇ ਭਲਕ ਦੇ’ ਸੰਸਥਾ ਦੇ ਮੁਖੀ ਜਸਪ੍ਰੀਤ ਜਗਰਾਓਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਪ੍ਰੋਫ਼ੈਸਰ ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਕੀਤੀ।

ਸਮਾਗਮ ਦੀ ਸਮਾਪਤੀ ’ਤੇ ਪ੍ਰੋ. ਸਤੀਸ਼ ਕੁਮਾਰ ਵਰਮਾ ਨੇ ਬਾਲ ਰੰਗਮੰਚ ਉਤਸਵ ਦੇ ਇਸ ਯਤਨ ਨੂੰ ਲਾਸਾਨੀ ਕਿਹਾ ਅਤੇ ਇਸ ਦੀ ਨਿਰੰਤਰਤਾ ਬਣਾਈਂ ਰੱਖਣ ਲਈ ਹੱਲਾਸ਼ੇਰੀ ਦਿੱਤੀ। ਡਾ. ਗੁਰਸੇਵਕ ਲੰਬੀ ਨੇ ਯੂਨੀਵਰਸਿਟੀ ਦੇ ਵਿਹੜੇ ਵਿੱਚ ਇਨ੍ਹਾਂ ਨਿੱਕਿਆਂ ਦੀ ਆਮਦ ਨੂੰ ਸ਼ੁੱਭ ਸ਼ਗਨ ਕਿਹਾ। ਬਾਲ ਰੰਗਮੰਚ ਉਤਸਵ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਸਾਰਿਆਂ ਦਾ ਧੰਨਵਾਦ ਕੀਤਾ। ਲੈਕਚਰਾਰ ਬਲਵਿੰਦਰ ਕੌਰ ਪੰਜੋਲੀ ਕਲਾਂ ਨੇ ਉਤਸਵ ਦੇ ਦੌਰਾਨ ਦਿੱਤੇ ਸਾਰੇ ਨਕਦ ਇਨਾਮਾਂ ਦਾ ਜ਼ਿੰਮਾ ਆਪਣੇ ਸਿਰ ਲਿਆ। ਨਿਰਣਾਕਾਰ ਸੁੱਖੀ ਪਾਤੜਾਂ ਨੇ ਨਾਟਕ ਵਿੱਚੋਂ ਸਰਵੋਤਮ ਅਦਾਕਾਰ ਤੇ ਅਦਾਕਾਰਾ ਦੀ ਚੋਣ ਕੀਤੀ। ਮੇਲੇ ਵਿੱਚ ਪ੍ਰਬੰਧਕੀ ਟੀਮ ਦੇ ਦੋ ਨੌਜਵਾਨ ਵਾਲੰਟੀਅਰਾਂ ਹਰਮਨ ਚੌਹਾਨ ਅਤੇ ਰੂਹੀ ਸਿੰਘ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਗੁਰਦੀਪ ਗਾਮੀਵਾਲਾ ਅਤੇ ਸੁਖਜੀਵਨ ਨੇ ਕੀਤਾ।

 

Advertisement