ਪੰਜਾਬੀ ’ਵਰਸਿਟੀ ’ਚ ਵੀਸੀ ਦੀ ਪੱਕੇ ਤੌਰ ’ਤੇ ਨਿਯੁਕਤੀ ਮੰਗੀ
ਖੇਤਰੀ ਪ੍ਰਤੀਨਿਧ
ਪਟਿਆਲਾ, 2 ਜਨਵਰੀ
ਕਰਮਚਾਰੀ ਸੰਘ (ਪੰਜਾਬੀ ਯੂਨੀਵਰਸਿਟੀ) ਦੀ ਇਕੱਤਰਤਾ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਹੋਈ, ਜਿਸ ’ਚ ਸਾਲ 2025 ਚੜ੍ਹਨ ’ਤੇ ਵੀ ਪੰਜਾਬੀ ਯੂਨੀਵਰਸਿਟੀ ਦਾ ਰੈਗੂਲਰ ਵਾਈਸ ਚਾਂਸਲਰ ਨਾ ਲਾਉਣ ’ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ। ਜਥੇਬੰਦੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵਾਈਸ ਚਾਂਸਲਰ ਨਿਯੁਕਤ ਕਰਨ ਸਬੰਧੀ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਗੈਰ ਅਧਿਆਪਨ ਕਰਮਚਾਰੀਆਂ ਦੇ ਰੋਜ਼ਾਨਾ ਕੰਮਕਾਜ ਸਬੰਧੀ ਹੋ ਰਹੀ ਦੇਰੀ ਕਾਰਨ ਕਰਮਚਾਰੀ ਮਾਨਸਿਕ ਪੀੜਾਂ ਸਹਿ ਰਹੇ ਹਨ। ਗੈਰ ਅਧਿਆਪਨ ਕਰਮਚਾਰੀਆਂ ਦੀਆਂ ਤਰੱਕੀਆਂ, ਪੇਅ ਕਮਿਸ਼ਨ ਦੇ ਬਕਾਇਆ ਰਾਸ਼ੀ, ਅਤੇ ਹੋਰ ਅਹਿਮ ਕੰਮਾਂ ਸਬੰਧੀ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਅੰਦਰ ਹੀ ਪੰਜਾਬੀ ’ਵਰਸਿਟੀ ’ਚ ਰੈਗੂਲਰ ਵਾਈਸ ਚਾਂਸਲਰ ਨਿਯੁਕਤ ਕੀਤਾ ਜਾਵੇ। ਮੀਟਿੰਗ ਵਿੱਚ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ, ਜਰਨਲ ਸਕੱਤਰ ਅਮਰਜੀਤ ਕੌਰ, ਸਕੱਤਰ ਗੁਰਪ੍ਰੀਤ ਸਿੰਘ ਜੋਨੀ, ਸਹਾਇਕ ਸਕੱਤਰ ਤੇਜਿੰਦਰ ਸਿੰਘ, ਖਜ਼ਾਨਚੀ ਨਵਦੀਪ ਸਿੰਘ ਤੇ ਉਂਕਾਰ ਸਿੰਘ ਬਾਦਲ ਆਦਿ ਸ਼ਾਮਲ ਸਨ।