ਪੰਜਾਬੀ ਫਿਲਮਾਂ ਦੀ ‘ਪੰਚਣੀ’ ਅਨੀਤਾ ਦੇਵਗਨ
ਰਜਨੀ ਭਗਾਣੀਆ
ਅਨੀਤਾ ਦੇਵਗਨ ਦਾ ਨਾਮ ਲੈਂਦਿਆਂ ਹੀ ਸਾਡੇ ਦਿਮਾਗ਼ ਵਿੱਚ ਉਸ ਦੀ ਬਾਕਮਾਲ ਅਦਾਕਾਰੀ ਉੱਭਰਨ ਲੱਗਦੀ ਹੈ। ਰੰਗਮੰਚ ਤੋਂ ਆਪਣੀ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੀ ਇਸ ਅਦਾਕਾਰਾ ਨੇ ਜਿੱਥੇ ਰੰਗਮੰਚ ਦੇ ਖੇਤਰ ਵਿੱਚ ਆਪਣੀ ਅਦਾਕਾਰੀ ਦੇ ਝੰਡੇ ਗੱਡੇ, ਉੱਥੇ ਉਹ ਪੰਜਾਬੀ ਫਿਲਮ ਜਗਤ ਜ਼ਰੀਏ ਲੋਕਾਂ ਦੇ ਦਿਲਾਂ ਵਿੱਚ ਉਤਰ ਚੁੱਕੀ ਹੈ। ਉਸ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਦਰਸ਼ਕਾਂ ’ਤੇ ਅਮਿੱਟ ਛਾਪ ਛੱਡੀ ਹੈ। ਇਹ ਕਿਰਦਾਰ ਭਾਵੇਂ ਦਰਸ਼ਕਾਂ ਨੂੰ ਹਸਾਉਣ ਜਾਂ ਰੁਆਉਣ ਦੇ ਹੋਣ ਜਾਂ ਫਿਰ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਵਿੱਚ ਉਲਝੇ ਰਿਸ਼ਤਿਆਂ ਦੀ ਹਕੀਕਤ ਦਿਖਾਉਣ ਵਾਲੇ ਹੋਣ। ਉਸ ਅੰਦਰ ਹਰ ਕਿਰਦਾਰ ਵਿੱਚ ਢਲ ਕੇ ਉਸ ਦੀ ਗਹਿਰਾਈ ਤੱਕ ਜਾਣ ਦੀ ਸ਼ਿੱਦਤ ਹੈ ਜੋ ਉਸ ਨੂੰ ਬਾਕੀ ਅਦਾਕਾਰਾਂ ਨਾਲੋਂ ਵੱਖਰਾ ਕਰਦੀ ਹੈ।
ਜਲੰਧਰ ਦੂਰਦਰਸ਼ਨ ਦੇ ਲੜੀਵਾਰ ‘ਪੰਚਣੀ’ ਤੋਂ ਸੁਰਖੀਆਂ ਵਿੱਚ ਆਈ ਇਹ ਅਦਾਕਾਰਾ ਅੱਜ ਪੰਜਾਬੀ ਫਿਲਮਾਂ ਦੀ ਪੰਚਣੀ ਬਣੀ ਹੋਈ ਨਜ਼ਰ ਆਉਂਦੀ ਹੈ। ਉਸ ਦੀ ਅਦਾਕਾਰੀ ਨਾਲ ਸਜੀ ਹੋਈ ਹਰ ਪੰਜਾਬੀ ਫਿਲਮ ਦਰਸ਼ਕਾਂ ’ਤੇ ਅਮਿੱਟ ਪ੍ਰਭਾਵ ਛੱਡਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਹਰ ਕਿਰਦਾਰ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਫਿਰ ਇਸ ਨੂੰ ਆਪਣੀ ਅਦਾਕਾਰੀ ਵਿੱਚ ਪੇਸ਼ ਕਰਦੀ ਹੈ। ਇਨ੍ਹਾਂ ਵਿੱਚ ਮਾਂ, ਚਾਚੀ, ਤਾਈਂ ਦੇ ਖੱਟੇ ਮਿੱਠੇ ਸੁਭਾਅ ਵਾਲੇ ਕਿਰਦਾਰਾਂ ਦੇ ਨਾਲ ਨਾਲ ਕਾਮੇਡੀ ਅਤੇ ਕੁਝ ਵੱਖਰੇ ਕਿਰਦਾਰ ਵੀ ਸ਼ਾਮਲ ਹਨ। ਇਹੀ ਕਾਰਨ ਹੈ ਕਿ ਉਸ ਨੂੰ ਪੰਜਾਬੀ ਸਿਨੇਮਾ ਦੀ ਬੇਬੇ ਵੀ ਕਿਹਾ ਜਾਣ ਲੱਗ ਪਿਆ ਹੈ।
ਅਨੀਤਾ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ਸੀ, ਪਰ ਅੱਜ ਉਹ ਪੂਰੇ ਪੰਜਾਬੀਆਂ ਦੀ ਮਨਭਾਉਂਦੀ ਅਦਾਕਾਰਾ ਹੈ। ਉਸ ਨੂੰ ਸਕੂਲ ਦੀ ਪੜ੍ਹਾਈ ਦੌਰਾਨ ਹੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਚੰਗਾ ਲੱਗਦਾ ਸੀ, ਪਰ ਕਦੇ ਸੋਚਿਆ ਨਹੀਂ ਸੀ ਕਿ ਇਸ ਖੇਤਰ ਵਿੱਚ ਹੀ ਕਾਮਯਾਬੀ ਮਿਲੇਗੀ। ਜਦੋਂ ਉਹ ਆਪਣੀ ਐੱਲ.ਐੱਲ.ਬੀ. ਦੀ ਪੜ੍ਹਾਈ ਕਰ ਰਹੀ ਸੀ ਤਾਂ ਦੋਸਤਾਂ ਦੇ ਕਹਿਣ ’ਤੇ ਅਨੀਤਾ ਨੇ ਪਹਿਲੀ ਵਾਰ ਉਨ੍ਹਾਂ ਨਾਲ ਥੀਏਟਰ ਵਿੱਚ ਹਿੱਸਾ ਲਿਆ, ਜਿੱਥੇ ਉਸ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ। ਇਹ ਹੀ ਉਹ ਘੜੀ ਸੀ ਜਿਸ ਨੇ ਉਸ ਅੰਦਰ ਥੀਏਟਰ ਕਰਨ ਦੀ ਹੋਰ ਇੱਛਾ ਪੈਦਾ ਕਰ ਦਿੱਤੀ। ਥੀਏਟਰ ਵੱਲ ਹੋਏ ਝੁਕਾਅ ਨਾਲ ਉਸ ਨੇ ਐੱਲ.ਐੱਲ.ਬੀ. ਦੀ ਪੜ੍ਹਾਈ ਅੱਧ ਵਿਚਕਾਰ ਹੀ ਛੱਡ ਦਿੱਤੀ ਅਤੇ ਅਦਾਕਾਰੀ ਦਾ ਪੱਕਾ ਰਾਹ ਫੜ ਲਿਆ।
ਥੀਏਟਰ ਕਰਦਿਆਂ ਹੀ ਉਸ ਦੀ ਮੁਲਾਕਾਤ ਥੀਏਟਰ ਦੇ ਮਸ਼ਹੂਰ ਅਦਾਕਾਰ ਤੇ ਕਲਾਕਾਰ ਹਰਦੀਪ ਗਿੱਲ ਨਾਲ ਹੋਈ ਤੇ 1992 ਵਿੱਚ ਉਨ੍ਹਾਂ ਨੇ ਮਿਲ ਕੇ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ। ਹਰਦੀਪ ਗਿੱਲ ਹੁਣ ਉਸ ਦਾ ਹਮਸਫਰ਼ ਹੈ। ਉਨ੍ਹਾਂ ਦੋਵਾਂ ਵੱਲੋਂ ਬਣਾਏ ਗਏ ‘ਦਿ ਥੀਏਟਰ ਪਰਸਨਜ਼’ ਗਰੁੱਪ ਵੱਲੋਂ ਅਨੇਕਾਂ ਨੁੱਕੜ ਨਾਟਕ ਤੇ ਸਟੇਜ ਪਲੇਅ ਕੀਤੇ ਗਏ। ਇਸ ਤੋਂ ਬਾਅਦ ਉਸ ਨੂੰ ‘ਹਕੀਮ ਤਾਰਾ ਚੰਦ’ (ਡੀਡੀ ਪੰਜਾਬੀ) ਨਾਂ ਦੇ ਲੜੀਵਾਰ ਨਾਲ ਟੀਵੀ ’ਤੇ ਆਉਣ ਦਾ ਮੌਕਾ ਮਿਲਿਆ। ਫਿਰ ‘ਪੰਚਣੀ’, ‘ਲੋਰੀ’ ਆਦਿ ਲੜੀਵਾਰਾਂ ਨਾਲ ਉਹ ਅੱਗੇ ਵਧਦੀ ਗਈ। ਅਨੀਤਾ ਦੇਵਗਨ ਦਾ ਕਹਿਣਾ ਹੈ ਕਿ ਜੇਕਰ ਆਪਾਂ ਕਿਸੇ ਚੰਗੇ ਰਾਹ ਤੁਰਦੇ ਹਾਂ ਤਾਂ ਸਾਨੂੰ ਕੁੱਝ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਸ ਨੇ ਸੋਚ ਲਿਆ ਸੀ ਕਿ ਹੁਣ ਜਦੋਂ ਇਸ ਰਾਹ ’ਤੇ ਤੁਰੀ ਹਾਂ ਤਾਂ ਇਸ ਵਿੱਚ ਹੀ ਕਾਮਯਾਬ ਹੋਣਾ ਹੈ।
ਟੀਵੀ ’ਤੇ ਉਸ ਦੀ ਅਦਾਕਾਰੀ ਨੇ ਉਸ ਲਈ ਫਿਲਮਾਂ ਦਾ ਰਾਹ ਵੀ ਖੋਲ੍ਹ ਦਿੱਤਾ। ਪੰਜਾਬੀ ਸਿਨੇਮਾ ਵਿੱਚ ਉਸ ਦੀ ਸ਼ੁਰੂਆਤ ਬੱਬੂ ਮਾਨ ਨਾਲ ਫਿਲਮ ‘ਹਸ਼ਰ’ ਤੋਂ ਹੋਈ ਜਿਸ ਵਿੱਚ ਉਸ ਵੱਲੋਂ ਨਿਭਾਏ ਚਾਚੀ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ‘ਲਵ ਪੰਜਾਬ’, ‘ਫੇਰ ਮਾਮਲਾ ਗੜਬੜ’, ‘ਪ੍ਰੋਪਰ ਪਟੋਲਾ’, ‘ਅੰਗਰੇਜ਼’, ‘ਬੰਬੂਕਾਟ’, ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਟ 2’, ‘ਠੱਗ ਲਾਈਫ’, ‘ਕਪਤਾਨ’, ‘ਮੁੰਡਿਆਂ ਤੋਂ ਬਚ ਕੇ ਰਹਿਣਾ’, ‘ਨਿੱਕਾ ਜ਼ੈਲਦਾਰ’, ‘ਮੰਜੇ ਬਿਸਤਰੇ’, ‘ਰੱਬ ਦਾ ਰੇਡੀਓ’, ‘ਛੜਾ’, ‘ਮਿਸਟਰ ਐਂਡ ਮਿਸਿਜ਼ 420 ਰਿਟਰਨ’, ‘ਨੀਂ ਮੈਂ ਸੱਸ ਕੁੱਟਣੀ’, ‘ਕਲੀ ਜੋਟਾ’ ਆਦਿ ਤੋਂ ਇਲਾਵਾ ‘ਯਮਲਾ ਪਗਲਾ ਦੀਵਾਨਾ ਅਗੇਨ’ (ਹਿੰਦੀ) ਫਿਲਮਾਂ ਵਿੱਚ ਮਾਂ ਅਤੇ ਸਹਾਇਕ ਭੂਮਿਕਾਵਾਂ ਨਿਭਾ ਕੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ।
ਉਸ ਦੀ ਬਕਾਮਲ ਅਦਾਕਾਰੀ ਨੇ ਉਸ ਨੂੰ ਕਈ ਮਾਣ-ਸਨਮਾਨ ਵੀ ਦਿਵਾਏ ਜਿਨ੍ਹਾਂ ਨਾਲ ਉਸ ਦੀ ਅਦਾਕਾਰੀ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਗਹਿਰੀ ਹੁੰਦੀ ਗਈ। ਅਨੀਤਾ ਦੇਵਗਨ ਦਾ ਪਿਛੋਕੜ ਗੈਰ ਫਿਲਮੀ ਹੈ, ਪਰ ਉਹ ਆਪਣਾ ਖ਼ੁਦ ਦਾ ਪ੍ਰੋਡਕਸ਼ਨ ਹਾਊਸ ਵੀ ਸਥਾਪਿਤ ਕਰਨ ਦੀ ਚਾਹਵਾਨ ਹੈ। ਅਦਾਕਾਰੀ ਨੂੰ ਇੱਕ ਵੱਖਰੇ ਮੁਕਾਮ ’ਤੇ ਪਹੁੰਚਾਉਣਾ ਹੀ ਉਸ ਦੀ ਸਫਲਤਾ ਦਾ ਰਾਜ਼ ਹੈ। ਸ਼ਾਲਾ! ਫਿਲਮਾਂ ਵਿੱਚ ਆਪਣੇ ਸ਼ਲਾਘਾਯੋਗ ਸਫ਼ਰ ਨਾਲ ਉਹ ਪੰਜਾਬੀ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਦੇ ਵੱਖ ਵੱਖ ਰੰਗ ਦਿਖਾਉਂਦੀ ਰਹੇ।
ਸੰਪਰਕ: 79736-67793