ਪੰਜਾਬੀ ’ਚ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਕੁਲਦੀਪ ਸਿੰਘ
ਨਵੀਂ ਦਿੱਲੀ, 26 ਮਈ
ਦਵਿੰਦਰ ਕੌਰ ਫਾਊਂਡੇਸ਼ਨ ਵੱਲੋਂ ਚਾਂਦਨੀ ਚੌਕ ਵਿੱਚ ‘ਕੌਮ ਦੇ ਵਾਰਿਸ’ ਬੈਨਰ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਅਕਾਦਮਿਕ ਸੈਸ਼ਨ 2024-25 ਦੀਆਂ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੀ ਬੋਰਡ ਪ੍ਰੀਖਿਆ ਵਿੱਚ ਪੰਜਾਬੀ ਵਿਸ਼ੇ ਅੰਦਰ 90 ਫ਼ੀਸਦ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। ਇਸ ਮੌਕੇ ਦਿੱਲੀ ਦੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ 350 ਤੋਂ ਵੱਧ ਵਿਦਿਆਰਥੀਆਂ ਮੈਡਲ, ਸਰਟੀਫਿਕੇਟ ਅਤੇ ਤੋਹਫੇ ਦੇ ਕੇ ਉਨ੍ਹਾਂ ਦੀ ਅਕਾਦਮਿਕ ਉਪਲਬਧੀ ਅਤੇ ਮਾਂ-ਬੋਲੀ ਪ੍ਰਤੀ ਪਿਆਰ ਨੂੰ ਸਨਮਾਨਿਤ ਕੀਤਾ ਗਿਆ। ਇਹ ਸਿਰਫ਼ ਅਕਾਦਮਿਕ ਕਾਮਯਾਬੀ ਦਾ ਸਨਮਾਨ ਨਹੀਂ ਸੀ, ਸਗੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਪਛਾਣ ਨਾਲ ਜੁੜੇ ਜਜ਼ਬੇ ਦੀ ਕਦਰ ਵੀ ਸੀ। ਫਾਊਂਡੇਸ਼ਨ ਦੀ ਮੁਖੀ ਡਾ. ਅਵਨੀਤ ਕੌਰ ਭਾਟੀਆ ਨੇ ਕਿਹਾ ਇਹ ਸਮਾਰੋਹ ਸਿਰਫ਼ ਇਨਾਮਾਂ ਦੀ ਵੰਡ ਨਹੀਂ ਬਲਕਿ ਮਾਂ-ਬੋਲੀ ਪੰਜਾਬੀ ਲਈ ਇੱਕ ਅਹਿਸਾਸ, ਇੱਕ ਜ਼ਿੰਮੇਵਾਰੀ ਹੈ। ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਸਾਡੀ ਪਹਿਚਾਣ ਵੀ ਹੈ। ਜਦ ਤੱਕ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜੀ ਰਖਾਂਗੇ, ਸਾਡੀ ਸਭਿਆਚਾਰਕ ਵਿਰਾਸਤ ਮਜ਼ਬੂਤ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਲਈ ਜੋਸ਼ ਅਤੇ ਰੁਝਾਨ ਦੇਖ ਕੇ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਪੰਜਾਬੀ ਨਵੀਆਂ ਉੱਚਾਈਆਂ ਤੱਕ ਪਹੰਚੇਗੀ। ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਕਾਮਯਾਬੀ ਲਈ ਰੋਜ਼ਾ ਹਰਬਲ ਕੇਅਰ ਅਤੇ ਕੋਰਨੀਟੋਸ ਦੇ ਪ੍ਰਬੰਧਕਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।