ਪੰਚਾਇਤ ਵੱਲੋਂ ਵਿਦਿਆਰਥਣ ਰਮਨਦੀਪ ਦਾ ਸਨਮਾਨ
ਚੀਮਾ ਮੰਡੀ, 1 ਜੂਨ
ਪਿੰਡ ਬੀਰ ਕਲਾਂ ਦੀ ਰਮਨਦੀਪ ਕੌਰ ਦਾ ਬਾਰ੍ਹਵੀਂ ਦੀ ਪ੍ਰੀਖਿਆ ’ਚ 97.80 ਫੀਸਦੀ ਅੰਕ ਹਾਸਲ ਕਰਨ ’ਤੇ ਪਿੰਡ ਦੀ ਪੰਚਾਇਤ ਵੱਲੋਂ ਸਨਮਾਨ ਕੀਤਾ ਗਿਆ। ਵੇਰਕਾ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਅਤੇ ਪਿੰਡ ਦੇ ਸਾਬਕਾ ਸਰਪੰਚ ਖੁਸ਼ਪਾਲ ਸਿੰਘ ਬੀਰ ਕਲਾਂ ਦੇ ਘਰ ਹੋਏ ਸਨਮਾਨ ਸਮਾਰੋਹ ਮੌਕੇ ਸਰਪੰਚ ਜਸਵੰਤ ਸਿੰਘ ਸਮੇਤ ਸਮੁੱਚੀ ਪੰਚਾਇਤ ਮੌਜੂਦ ਸੀ। ਇਸ ਮੌਕੇ ਵਿਦਿਆਰਥਣ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਸਰਕਾਰੀ ਰੈਜ਼ੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਵਿੱਚ ਪੜ੍ਹਦਿਆਂ ਬਾਰ੍ਹਵੀਂ ਜਮਾਤ ’ਚੋਂ 500 ’ਚੋਂ 489 (97.80 ਫੀਸਦੀ) ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਬਠਿੰਡਾ ’ਚੋ ਤੀਜਾ ਸਥਾਨ ਅਤੇ ਪੰਜਾਬ ਭਰ ’ਚੋਂ 11ਵਾਂ ਰੈਂਕ ਹਾਸਲ ਕੀਤਾ ਹੈ। ਇਸ ਮੌਕੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਇਸ ਹੋਣਹਾਰ ਵਿਦਿਆਰਥਣ ਨੂੰ 51 ਸੌ ਰੁਪਏ ਦੀ ਨਗਦ ਰਾਸ਼ੀ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਮਨਦੀਪ ਕੌਰ ਦੇ ਪਿਤਾ ਮਿੱਠੂ ਸਿੰਘ, ਊਧਮ ਸਿੰਘ ਪੰਚ, ਨੰਬਰਦਾਰ ਗੁਰਪਾਲ ਸਿੰਘ, ਹਰਮੇਲ ਸਿੰਘ ਅਤੇ ਅਵਤਾਰ ਸਿੰਘ ਆਦਿ ਮੌਜੂਦ ਸਨ।