ਪੰਚਾਇਤੀ ਜ਼ਮੀਨ ਤੋਂ ਕਬਜ਼ਾ ਹਟਾਉਣ ਗਈ ਟੀਮ ’ਤੇ ਹਮਲਾ
ਅੰਬਾਲਾ: ਅੰਬਾਲਾ ਦੇ ਸਾਰੰਗਪੁਰ ਪਿੰਡ ਵਿੱਚ ਪੰਚਾਇਤੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਗਈ ਪੰਚਾਇਤ ਵਿਭਾਗ ਦੀ ਟੀਮ ’ਤੇ ਕੁਝ ਪਰਿਵਾਰਾਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਅਧਿਕਾਰੀਆਂ ਨੂੰ ਵਾਧੂ ਪੁਲੀਸ ਫੋਰਸ ਬੁਲਾਉਣੀ। ਡਿਊਟੀ ਮੈਜਿਸਟ੍ਰੇਟ ਐੱਸਡੀਓ (ਪੀਆਰ) ਅੰਬਾਲਾ-1 ਗੌਰਵ ਗੁਰੀਆ ਦੀ ਸ਼ਿਕਾੲਤ ’ਤੇ ਪੁਲੀਸ ਨੇ ਪੰਜ ਔਰਤਾਂ ਸਣੇ ਕੁੱਲ ਨੌਂ ਪਿੰਡ ਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਅਧਿਕਾਰੀਆਂ ਨੇ ਚਾਰਦੀਵਾਰੀ ਦੀ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਕਰ ਦਿੱਤਾ। ਸਾਰੰਗਪੁਰ ਪਿੰਡ ਦੀ ਸਰਪੰਚ ਮਨਪ੍ਰੀਤ ਕੌਰ ਦੇ ਪਤੀ ਰਮੇਸ਼ ਕੁਮਾਰ ਨੇ ਕਿਹਾ ਕਿ ਪਿੰਡ ਵਿੱਚ ਇੱਕ ਏਕੜ ਜ਼ਮੀਨ ‘ਤੇ ਸਰਕਾਰੀ ਸਕੂਲ ਲਈ ਖੇਡ ਦਾ ਮੈਦਾਨ ਬਣਾਉਣ ਦਾ ਪ੍ਰਸਤਾਵ ਹੈ ਪਰ ਪਿੰਡ ਦੇ ਕੁਝ ਲੋਕਾਂ ਨੇ ਇਸ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
ਡੀਸੀ ਦਫ਼ਤਰ ’ਚ ਆਰਡੀਐਕਸ ਦੀ ਅਫ਼ਵਾਹ
ਅੰਬਾਲਾ: ਇੱਥੇ ਡੀਸੀ ਦਫ਼ਤਰ ਦੀ ਈਮੇਲ ਆਈਡੀ ’ਤੇ ਅੱਜ ਧਮਕੀ ਭਰੀ ਈਮੇਲ ਪ੍ਰਾਪਤ ਹੋਈ। ਇਸ ਵਿੱਚ ਦਫ਼ਤਰ ’ਚ ਆਰਡੀਐਕਸ ਆਧਾਰਤ ਬੰਬ ਹੋਣ ਦਾ ਦਾਅਵਾ ਕੀਤਾ ਗਿਆ ਸੀ। ਡੀਸੀ ਅਜੈ ਸਿੰਘ ਤੋਮਰ ਨੇ ਤੁਰੰਤ ਪੁਲੀਸ ਵਿਭਾਗ ਨੂੰ ਸੂਚਿਤ ਕੀਤਾ। ਪੁਲੀਸ ਵੱਲੋਂ ਪੂਰੇ ਕੰਪਲੈਕਸ ਦੀ ਜਾਂਚ ਕੀਤੀ ਗਈ ਪਰ ਕੁੱਝ ਵੀ ਇਤਰਾਜ਼ਯੋਗ ਨਹੀਂ ਮਿਲਿਆ। -ਪੱਤਰ ਪ੍ਰੇਰਕ
ਈਓ ਦੀ ਕੁਰਸੀ ’ਤੇ ਬੈਠਾ ਬਜ਼ੁਰਗ
ਮੁੱਲਾਂਪੁਰ ਗਰੀਬਦਾਸ: ਨਗਰ ਕੌਂਸਲ ਨਵਾਂ ਗਰਾਉਂ ਦੇ ਦਫ਼ਤਰ ਵਿੱਚ ਬਜ਼ੁਰਗ ਬਲਜੀਤ ਸਿੰਘ ਖਾਲਸਾ ਈਓ ਦੇ ਕਮਰੇ ਵਿੱਚ ਅਧਿਕਾਰੀ ਦੀ ਖਾਲੀ ਪਈ ਕੁਰਸੀ ’ਤੇ ਬੈਠ ਗਿਆ। ਦਫ਼ਤਰੀ ਕਾਮਿਆਂ ਨੇ ਇਸ ਦਾ ਵਿਰੋਧ ਕੀਤਾ। ਇਸ ਸਬੰਧੀ ਬਜ਼ੁਰਗ ਨੇ ਦੱਸਿਆ ਕਿ ਸਿੰਘਾ ਦੇਵੀ ਕਲੋਨੀ ਵਿੱਚ ਪਾਣੀ ਅਤੇ ਬਿਜਲੀ ਦੀ ਸਮੱਸਿਆ ਆ ਰਹੀ ਹੈ। ਇਸ ਬਾਰੇ ਸ਼ਿਕਾਇਤ ਕਰਨ ’ਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮਗਰੋਂ ਉਨ੍ਹਾਂ ਚੰਡੀਗੜ੍ਹ ’ਚ ਮੁੱਖ ਮੰਤਰੀ ਦੇ ਪੀਏ ਨੂੰ ਮਿਲ ਕੇ ਨਵਾਂ ਗਰਾਉਂ ਦੀਆਂ ਮੁਸ਼ਕਲਾਂ ਦੱਸੀਆਂ। ਇਸ ਸਬੰਧੀ ਜਦੋਂ ਈਓ ਰਵਨੀਤ ਸਿੰਘ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। -ਪੱਤਰ ਪ੍ਰੇਰਕ