ਪੰਚਾਇਤੀ ਚੋਣਾਂ ਲੜਨ ਲਈ ਤਿਆਰ ਰਹਿਣ ਵਰਕਰ: ਬਾਜਵਾ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 15 ਸਤੰਬਰ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ। ਪੰਜਾਬ ਅੰਦਰ ਤਹਿਸੀਲਾਂ, ਥਾਣਿਆਂ ਸਮੇਤ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਵਧਿਆ ਹੈ। ਨਸ਼ਾ ਪਹਿਲਾਂ ਨਾਲ ਕਈ ਗੁਣਾ ਵਧਿਆ ਅਤੇ ਗਲੀਆਂ ਮੁਹੱਲਿਆਂ ਵਿੱਚ ਸ਼ਰੇਆਮ ਵਿੱਕ ਰਿਹਾ ਹੈ। ਜਦਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚੋਂ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਇਥੇ ਸ਼ਹਿਰ ਧਾਰੀਵਾਲ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਭਰਵੀਂ ਮੀਟਿੰਗ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਕਿਸੇ ਵੀ ਵਰਕਰ ਨਾਲ ਬੇਇਨਸਾਫੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਪੰਚਾਇਤੀ ਚੋਣਾਂ ਲੜਨ ਲਈ ਤਿਆਰ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਚੋਣ ਲੜਨ ਵਾਲੇ ਵਰਕਰ ਆਪਣੇ ਕਾਗਜ਼ ਪੂਰੇ ਕਰੋ, ਕਿਸੇ ਵੀ ਵਰਕਰ ਦੇ ਕਾਗਜ਼ ਰੱਦ ਨਹੀਂ ਹੋਣ ਦਿਆਂਗੇ। ਸ੍ਰੀ ਬਾਜਵਾ ਨੇ ਕਿਹਾ ਹਿਮਾਚਲ ਦੀ ਤਰ੍ਹਾਂ ਹਰਿਆਣਾ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ 2027 ਵਿੱਚ ਪੰਜਾਬ ਵਿੱਚ ਵੀ ਕਾਂਗਰਸ ਸਰਕਾਰ ਬਣਨੀ ਲਗਪਗ ਤੈਅ ਹੈ। ਮੀਟਿੰਗ ਵਿੱਚ ਸੂਬਾ ਆਗੂ ਬਰਿੰਦਰ ਸਿੰਘ ਛੋਟੇਪੁਰ, ਬਲਾਕ ਪ੍ਰਧਾਨ ਗੁਰਨਾਮ ਸਿੰਘ ਚਾਹਲ, ਵਾਈਸ ਚੇਅਰਮੈਨ ਐਡਵੋਕੇਟ ਬਲਜੀਤਪਾਲ ਸਿੰਘ, ਪਲਵਿੰਦਰ ਸੋਹਲ, ਕੌਂਸਲਰ ਰਜਿੰਦਰ ਕੁਮਾਰ ਲਵਲੀ, ਸਰਪੰਚ ਮਨਿੰਦਰ ਸਿੰਘ ਪੀਰ ਦੀ ਸੈਨ, ਸਰਪੰਚ ਸਤਿੰਦਰਪਾਲ ਸਿੰਘ ਗੋਰਾਇਆ, ਆਦਿ ਸ਼ਾਮਲ ਸਨ।