ਪ੍ਰੋ. ਕਪਿਲ ਕਪੂਰ ਨੂੰ ਪਦਮ ਭੂਸ਼ਣ ਪੁਰਸਕਾਰ
ਅਵਤਾਰ ਸਿੰਘ
ਪ੍ਰੋ. ਕਪਿਲ ਕਪੂਰ ਪੰਜਾਬ ਦੇ ਹੋਣਹਾਰ ਪੁੱਤਰ ਹਨ ਜੋ 1940 ਵਿਚ ਉਧਰਲੇ ਪੰਜਾਬ ਵਿਚ ਜਨਮੇ। ਉਹ ਸੱਤ ਸਾਲ ਦੇ ਹੋਏ ਤੇ ਸੁਰਤ ਸੰਭਾਲੀ ਤਾਂ ਸੰਤਾਲੀ ਦੀ ਕਤਲੋਗਾਰਤ ਦਾ ਕਹਿਰ ਵਾਪਰ ਗਿਆ। ਉਨ੍ਹਾਂ ਦਾ ਪਰਿਵਾਰ ਇਧਰ ਫਗਵਾੜੇ ਨੇੜੇ ਹਦੀਆਬਾਦ ਆ ਵਸਿਆ ਜਿੱਥੇ 1954 ਵਿਚ ਉਨ੍ਹਾਂ ਆਰੀਆ ਸਕੂਲ ਤੋਂ ਮੈਟ੍ਰਿਕ ਪਾਸ ਕੀਤੀ। ਇੱਥੇ ਬੜੇ ਮਿਹਨਤੀ ਮਾਸਟਰ ਜੀ ਸਨ ਜਿਨ੍ਹਾਂ ਨੂੰ ਸਾਰੇ ਬਾਬਾ ਜੀ ਕਹਿੰਦੇ ਸਨ; ਉਨ੍ਹਾਂ ਦਾ ਪੜ੍ਹਾਇਆ ਹਿਸਾਬ ਅਤੇ ਜੁਗਰਾਫ਼ੀਆ ਉਨ੍ਹਾਂ ਨੂੰ ਅੱਜ ਤੱਕ ਨਹੀਂ ਭੁੱਲਿਆ।
ਤੀਖਣ ਬੁੱਧ ਉਨ੍ਹਾਂ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਲੈ ਗਈ। ਉਹ ਦੱਸਦੇ ਹਨ ਕਿ ਇਕ ਵਾਰੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਘਰੀਂ ਚਿੱਠੀਆਂ ਭੇਜ ਦਿੱਤੀਆਂ ਕਿ ਉਹ ਕਮਜ਼ੋਰ ਹਨ। ਚਿੱਠੀਆਂ ਪੁੱਜਣ ਦੀ ਦੇਰ ਸੀ ਕਿ ਦੇਸੀ ਘਿਓ ਦੇ ਪੀਪੇ ਭਰ ਭਰ ਟਾਂਗੇ ਆਉਣ ਲੱਗ ਪਏ। ਪੇਂਡੂ ਮਾਪਿਆਂ ਨੂੰ ਕੀ ਪਤਾ ਸੀ ਕਿ ਕਾਲਜ ਵਿਚ ਕਮਜ਼ੋਰੀ ਦਾ ਮਤਲਬ ਸਮਝ ਦੀ ਕਮਜ਼ੋਰੀ ਹੁੰਦਾ ਹੈ ਜਿਸ ਦਾ ਇਲਾਜ ਮਿਹਨਤ ਦੇ ਇਲਾਵਾ ਕੋਈ ਨਹੀਂ ਹੁੰਦਾ; ਘਿਉ ਤਾਂ ਸਿਰਫ਼ ਘੋਲ਼ ਲਈ ਹੁੰਦਾ ਹੈ। ਇਹ ਕਮਜ਼ੋਰੀ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਜਿਸ ਦੀਆਂ ਚਿੱਠੀਆਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਨੇ ਉਦੋਂ ਵਿਦਿਆਰਥੀਆਂ ਨੂੰ ਪਾਈਆਂ ਸਨ।
ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਕਪਿਲ ਕਪੂਰ ਜੀ ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਅੰਗਰੇਜ਼ੀ ਅਤੇ ਭਾਸ਼ਾ ਵਿਗਿਆਨ ਦੇ ਪ੍ਰੋਫੈਸਰ ਬਣੇ। ਫਿਰ ਸੰਸਕ੍ਰਿਤ ਅਧਿਐਨ ਕੇਂਦਰ ਦੇ ਪ੍ਰੋਫੈਸਰ ਹੋਏ। ਅਖੀਰ ਇਸੇ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਵਜੋਂ ਸੇਵਾ ਮੁਕਤ ਹੋਏ। ਉਹ ਕਦੇ ਵਿਹਲੇ ਨਹੀਂ ਬੈਠੇ ਤੇ ਕੁਝ ਨਾ ਕੁਝ ਕਰਦੇ ਰਹਿਣਾ ਉਨ੍ਹਾਂ ਦੀ ਫਿ਼ਤਰਤ ਹੈ। ਉਹ ਅਜਿਹੇ ਕੰਮ ਨੂੰ ਹੱਥ ਪਾਉਂਦੇ ਹਨ ਜਿਸ ਵਿਚ ਕੋਈ ਚੁਣੌਤੀ ਹੋਵੇ ਤੇ ਜਿਸ ਨਾਲ ਸਮਾਜ ਦਾ ਕੁਝ ਸੰਵਰਨਾ ਹੋਵੇ। ਹੁਣੇ ਹੁਣੇ ਉਹ ਇੰਡੀਅਨ ਇੰਸਟੀਚਿਊਟ ਆਫ ਅਡਵਾਂਸਡ ਸਟੱਡੀ (ਸਿ਼ਮਲਾ) ਦੇ ਚੇਅਰਮੈਨ ਰਹੇ ਜਿੱਥੇ ਉਹ ਕੋਨੇ ਕੋਨੇ ਨੂੰ ਆਪਣੀ ਚਾਨਣ ਜਿਹੀ ਹਾਜ਼ਰੀ ਮਹਿਸੂਸ ਕਰਾ ਕੇ ਆਏ ਹਨ।
ਉਨ੍ਹਾਂ ਦੀ ਸ਼ਖ਼ਸੀਅਤ ਅਜਿਹੀ ਹੈ, ਜਿਵੇਂ ਸ਼ਾਂਤ ਨਦੀ ਦਾ ਨੀਰ ਵਹਿ ਰਿਹਾ ਹੋਵੇ। ਉਨ੍ਹਾਂ ਦਾ ਗਿਆਨ ਉਤੇਜਿਤ ਨਹੀਂ, ਪ੍ਰਭਾਵਿਤ ਕਰਦਾ ਹੈ ਜਿਸ ਵਿਚ ਸਹਿਜ ਸਮਾਇਆ ਹੁੰਦਾ ਹੈ, ਜਿਵੇਂ ਅਕਾਸ਼ ਵਿਚ ਚੰਨ ਚਮਕ ਰਿਹਾ ਹੋਵੇ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਲਗਦਾ ਹੈ, ਜਿਵੇਂ ਚੰਨ ਦਾ ਪ੍ਰਕਾਸ਼ ਸਾਨੂੰ ਮੱਠਾ ਮੱਠਾ ਨਿੱਘ ਦੇ ਰਿਹਾ ਹੋਵੇ। ਮੂਲ ਰੂਪ ਵਿਚ ਉਹ ਸਹਿਜ ਦੇ ਉਪਾਸ਼ਕ ਸਹਿਜਧਾਰੀ ਹਨ। ਉਨ੍ਹਾਂ ਦਾ ਸਹਿਜ ਭਾਰਤੀ ਸੱਭਿਅਤਾ ਦੇ ਕਦੰਬਰੀ ਫੁੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਤ ਹੈ। ਉਹ ਜਦ ਬੋਲਦੇ ਹਨ ਤਾਂ ਪ੍ਰਤੀਤ ਹੁੰਦਾ ਹੈ, ਜਿਵੇਂ ਉਸ ਫੁੱਲ ਦਾ ਪਹੁ-ਫੁਟਾਲਾ ਹੋ ਰਿਹਾ ਹੋਵੇ। ਉਹ ਬੜੇ ਸਰਲ ਅਤੇ ਸੁਖੈਨ ਤਰੀਕੇ ਨਾਲ ਗਿਆਨ ਨੂੰ ਦਿੱਤੀਆਂ ਗੰਢਾਂ ਖੋਲ੍ਹ ਦਿੰਦੇ ਹਨ। ਉਨ੍ਹਾਂ ਦਾ ਕਮਾਲ ਹੈ ਕਿ ਉਨ੍ਹਾਂ ਨੇ ਭਾਰਤੀ ਦਰਸ਼ਨ ਅਤੇ ਗਿਆਨ ਪਰੰਪਰਾ ਨੂੰ ਇੰਨਾ ਸਰਲ ਕਰ ਦਿੱਤਾ ਹੈ ਕਿ ਹਰ ਕਿਸੇ ਨੂੰ ਸਮਝ ਆ ਸਕੇ।
ਇਕ ਸੈਮੀਨਾਰ ਵਿਚ ਉਨ੍ਹਾਂ ਦੱਸਿਆ ਕਿ ਰਿਗਵੇਦ ਪੰਜਾਬ ਦਾ ਭਾਰਤ ਨੂੰ ਦਿੱਤਾ ਗਿਆ ਅਨਮੋਲ ਤੋਹਫ਼ਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਰਤ ਦਾ ਪੰਜਾਬ ਨੂੰ ਦਿੱਤਾ ਗਿਆ ਅਮਰ ਤੋਹਫ਼ਾ ਹੈ। ਉਹ ਮੰਨਦੇ ਹਨ ਕਿ ਰਿਗਵੇਦ ਦੀ ਭਾਸ਼ਾ ਉਹ ਹੈ ਜਿਹੜੀ ਉਸ ਵੇਲੇ ਪੰਜਾਬ ਵਿਚ ਬੋਲੀ ਜਾਂਦੀ ਸੀ ਜਿਸ ਕਰ ਕੇ ਰਿਗਵੇਦ ਦੀ ਭਾਸ਼ਾ ਪੰਜਾਬੀ ਹੈ। ਇਸ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਾਰਤ ਦੀ ਹਰ ਭਾਸ਼ਾ ਦੀ ਹਾਜ਼ਰੀ ਹੈ। ਇਸੇ ਲਈ ਭਾਰਤ ਅਤੇ ਪੰਜਾਬ ਨੂੰ ਇਕ ਦੂਜੇ ਦੇ ਰਿਣੀ ਰਹਿਣਾ ਚਾਹੀਦਾ ਹੈ।
ਕਿਤੇ ਕਿਤੇ ਉਹ ਆਪਣੀ ਗੱਲਬਾਤ ਇੱਕ ਓਅੰਕਾਰ ਅਤੇ ਸੱਤ ਸ੍ਰੀ ਅਕਾਲ ਤੋਂ ਸ਼ੁਰੂ ਕਰ ਲੈਂਦੇ ਹਨ ਤੇ ਇਨ੍ਹਾਂ ਦੀ ਸੰਕਲਪੀ ਵਿਆਖਿਆ ਵਿਚ ਅੰਦਰ ਤੱਕ ਉੱਤਰ ਜਾਂਦੇ ਹਨ। ਉਦੋਂ ਪਤਾ ਲੱਗਦਾ ਹੈ ਕਿ ਇਹ ਹੁੰਦਾ ਹੈ ਅਸਲ ਸਹਿਜਧਾਰੀ ਜਿਹੜਾ ਕਿਸੇ ਵੀ ਧਾਰੀ ਤੋਂ ਮੁਕਤ ਅਤੇ ਨਿਰਲੇਪ ਹੋਵੇ।
ਖੁੱਲ੍ਹੀ ਡੁੱਲ੍ਹੀ ਪੈਂਟ, ਨਜ਼ਰ ਆਉਂਦੇ ਕਮੀਜ਼ ਦੇ ਪੱਲੇ, ਲਾਲ ਕੋਟੀ, ਕਾਲੀ ਜੈਕਟ, ਹਸਮੁਖ ਚਿਹਰਾ, ਸੁਸਤ ਚਾਲ, ਚੁਸਤ ਢਾਲ ਤੇ ਦਰੁਸਤ ਦਿਲ ਤੁਰਿਆ ਜਾਂਦਾ ਦੇਖ ਕੇ ਕਈ ਵਾਰੀ ਭੁਲੇਖਾ ਪੈਂਦਾ ਹੈ, ਜਿਵੇਂ ਰਾਂਝਾ ਕਿਸੇ ਦਰਸ਼ਨ ਵਿਚੋਂ ਆਪਣੀ ਹੀਰ ਦੇ ਦਰਸ਼ਨ ਲੋਚਦਾ ਹੋਵੇ। ਇਹ ਹੈ ਪ੍ਰੀਤ ਭਾਵਨਾ ਵਿਚ ਗੁੰਦਿਆ ਅਤੇ ਗੁੰਨ੍ਹਿਆਂ ਹੋਇਆ ਦਾਰਸ਼ਨਿਕ ਮੋਤੀ ਪ੍ਰੋ ਕਪਿਲ ਕਪੂਰ ਜਿਸ ਨੂੰ ਯਾਦ ਕਰਦਿਆਂ ਮੇਰੇ ਮਨ ਵਿਚ ਕਿਸੇ ਕਿਤਾਬ ਦਾ ਅਜਿਹਾ ਹਰਫ਼ ਸਾਕਾਰ ਹੁੰਦਾ ਹੈ ਜਿਸ ਬਾਰੇ ਕਿਹਾ ਜਾ ਸਕਦਾ ਹੈ: ਚਲੋ ਲੈਲਤੁਲ-ਕਦਰ ਦੀ ਕਰੋ ਜਿ਼ਆਰਤ ਵਾਰਿਸ ਸ਼ਾਹ ਏਹ ਕੰਮ ਸ੍ਵਾਬ ਦਾ ਏ।
ਉਨ੍ਹਾਂ ਦਾ ਅਜਿਹਾ ਰੰਗ ਹਰ ਪਾਸੇ ਫੈਲਿਆ। ਰੂਪਾ ਐਂਡ ਕੰਪਨੀ ਦੇ ਗਿਆਰਾਂ ਜਿਲਦਾਂ ਵਿਚ ਛਾਪੇ ਹਿੰਦੂ ਮੱਤ ਦੇ ਵਿਸ਼ਵ ਗਿਆਨ ਕੋਸ਼ ਦੇ ਉਹ ਮੁੱਖ ਸੰਪਾਦਕ ਬਣੇ। ਉਨ੍ਹਾਂ ਆਪਣੀ ਕਮਾਈ ਹੋਈ ਮੂਲ ਪ੍ਰਕਿਰਤੀ ਅਤੇ ਪ੍ਰਵਿਰਤੀ, ਸਹਿਜ ਦਾ ਅਮਰ ਅਸਰ, ਭਾਰਤ ਦੀ ਹਰ ਪਰੰਪਰਾ ਵਿਚ ਉਤਾਰ ਦਿੱਤਾ। ਇਸੇ ਕਰ ਕੇ ਪੰਜਾਬ ਲਈ ਮਾਣ ਵਾਲ਼ੀ ਗੱਲ ਹੈ ਕਿ ਭਾਰਤ ਸਰਕਾਰ ਨੇ ਪੰਜਾਬ ਦੇ ਰਤਨ ਪ੍ਰੋ. ਕਪਿਲ ਕਪੂਰ ਨੂੰ ਪਦਮ ਭੂਸ਼ਣ ਦੇ ਖਿਤਾਬ ਨਾਲ ਨਿਵਾਜਿਆ। ਇਹ ਖਿਤਾਬ ਉਨ੍ਹਾਂ ਦੀ ਸੇਵਾ ਦਾ ਪ੍ਰਮਾਣ ਪੱਤਰ ਹੈ।
ਪ੍ਰੋ. ਕਪਿਲ ਕਪੂਰ ਜੀ ਦਾ ਜਦ ਮੈਨੂੰ ਪਤਾ ਲੱਗਿਆ ਸੀ ਤਾਂ ਮੇਰੇ ਅੰਦਰ ਉਨ੍ਹਾਂ ਨੂੰ ਮਿਲਣ ਲਈ ਕਾਹਲ ਮਚ ਗਈ ਸੀ। ਕਿਸੇ ਸੈਮੀਨਾਰ ‘ਤੇ ਉਨ੍ਹਾਂ ਦੇ ਦਰਸ਼ਨ ਹੋਏ ਤਾਂ ਮਨ ਨੂੰ ਚੈਨ ਆਈ। ਹੁਣ ਉਹ ਜਿੱਥੇ ਵੀ ਮਿਲਦੇ ਹਨ, ਮੈਨੂੰ ਦੱਸਣਾ ਨਹੀਂ ਪੈਂਦਾ, ਮੈਂ ਕੌਣ ਹਾਂ। ਉਹ ਬੜੇ ਮਿਲਾਪੜੇ ਅੰਦਾਜ਼ ਵਿਚ ਕਹਿੰਦੇ ਹਨ, “ਅਵਤਾਰ ਜੀ, ਮੈਂ ਤੁਹਾਨੂੰ ਈ ਢੂੰਡ ਰਿਹਾ ਸੀ।” ਇੰਨੀ ਗੱਲ ਸੁਣ ਕੇ ਮਨ ਕਿੰਨਾ ਗਦ ਗਦ ਹੋ ਜਾਂਦਾ ਹੈ, ਮੈਂ ਹੀ ਜਾਣਦਾ ਹਾਂ। ਕਿਸੇ ਸੈਮੀਨਾਰ ਵਿਚ ਉਹ ਆਏ ਹੋਣ ਤਾਂ ਮੈਂ ਵਿਸ਼ੇਸ਼ ਤੌਰ ਪਰ ਉਨ੍ਹਾਂ ਨੂੰ ਸੁਣਨ ਜਾਂਦਾ ਹਾਂ ਪਰ ਉਹ ਅਜਿਹਾ ਅਹਿਸਾਸ ਕਰਾ ਦਿੰਦੇ ਹਨ, ਜਿਵੇਂ ਉਹ ਮੈਨੂੰ ਸੁਣਨ ਆਏ ਹੋਣ। ਮੇਰਾ ਜੀ ਕਰਦਾ ਹੈ ਕਿ ਉਹ ਜਦ ਵੀ ਪੰਜਾਬ ਆਉਣ ਤਾਂ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਮੁਬਾਰਕ ਆਖਾਂ।
ਫੋਨ: 94175-18384