ਪ੍ਰੇਮ ਦੀ ਕਲਪਨਾ ਦਾ ਜਗਤ
ਪੰਜਾਬੀ ਦੇ ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ 30 ਮਾਰਚ 2025 ਨੂੰ ਦੇਹਾਂਤ ਹੋ ਗਿਆ। ਉਸ ਨਾਲ ਨੇੜਿਓਂ ਵਿਚਰਨ ਦਾ ਮੌਕਾ ਕੁਝ ਚੋਣਵੇਂ ਲੇਖਕਾਂ ਨੂੰ ਮਿਲਿਆ। ਉਸ ਬਾਰੇ ਵੱਖ-ਵੱਖ ਲੇਖਕਾਂ ਦੇ ਲਿਖੇ ਲੇਖਾਂ ਦੀ ਜਿੰਦਰ ਵੱਲੋਂ ਸੰਪਾਦਿਤ ਪੁਸਤਕ ‘ਪ੍ਰੇਮ ਪ੍ਰਕਾਸ਼ ਇੱਕ ਗੋਰਖਧੰਦਾ (ਕੈਲੀਬਰ ਪਬਲੀਕੇਸ਼ਨ, ਪਟਿਆਲਾ)’ ਵਿੱਚੋਂ (ਮਰਹੂਮ) ਸੁਰਜੀਤ ਹਾਂਸ ਦਾ ਲਿਖਿਆ ਹਥਲਾ ਲੇਖ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
ਪ੍ਰੇਮ ਦਾ ਘਰੇਲੂ ਪਿਛੋਕੜ ਖੱਤਰੀ ਜ਼ਿਮੀਂਦਾਰੀ ਦਾ ਹੈ। ਇਹ ਆਪ ਖੇਤੀ ਕਰਦਾ ਰਿਹਾ ਹੈ। ਇਸ ਨੂੰ ਪੇਂਡੂ ਲੁੱਟ ਦਾ ਪੂਰਾ ਅਨੁਭਵ ਹੈ, ਆਪਣੇ ਘਰ ਵਿੱਚੋਂ ਹੀ। ਮੈਂ ਕਦੇ ਪੁੱਛਿਆ ਨਹੀਂ, ਪਰ ਗੱਲੀਂ ਬਾਤੀਂ ਪਤਾ ਹੈ ਕਿ ਇਹ ਕਿਸੇ ਗੱਲੋਂ ਘਰਦਿਆਂ ਨਾਲ ਨਾਰਾਜ਼ ਹੋ ਗਿਆ। ਇਸੇ ਨਾਰਾਜ਼ਗੀ ਕਾਰਨ ਪਿੰਡ ਛੱਡ ਆਇਆ, ਸਕੂਲ ’ਚ ਮਾਸਟਰੀ ਕਰਦਾ ਰਿਹਾ। ਪ੍ਰੇਮ ਦੇ ਬਾਪੂ ਨੇ ਇਹਨੂੰ ਜ਼ਮੀਨ ਦਾ ਹਿੱਸਾ ਨਹੀਂ ਦਿੱਤਾ, ਪਿੱਛੇ ਜਿਹੇ ਇਹਨੂੰ ਥੋੜ੍ਹੇ ਘਣੇ ਪੈਸੇ ਦਿੱਤੇ ਸੀ। ਪ੍ਰੇਮ ਦਾ ਬਾਪੂ ਆਰੀਆ ਸਮਾਜੀ ਸੀ। ਪ੍ਰੇਮ ਦੇ ਸੁਭਾਅ ਵਿੱਚ ਖੱਤਰੀ ਵਾਲੀ ਅੜ ਅਤੇ ਹੌਸਲਾ ਹੈ, ਨਾਲੇ ਜੱਟਾਂ ਵਾਲੀ ਲੜੂੰ-ਲੜੂੰ ਕਰਨ ਵਾਲੀ ਆਦਤ ਹੈ। ਭਾਵੇਂ ਇਹਦਾ ਆਰੀਆ ਸਮਾਜ ਨਾਲ ਲਗਾਉ ਨਹੀਂ, ਪਰ ਕਦੇ ਕਦਾਈਂ ਘੁੰਡੀ ਮਰੋੜਣ ਵਾਲੀ ਗੱਲ ਕਰ ਜਾਂਦਾ ਹੈ। ਪ੍ਰੇਮ ਦੀ ਕਲਪਨਾ ਦਾ ਜਗਤ ਕ੍ਰਿਸ਼ੀ ਵਾਲਾ ਨਹੀਂ। ਇਸ ਦਾ ਘਰੇਲੂ ਕਾਰਨ ਹੈ। ਪ੍ਰੇਮ ਨੂੰ ਪਿੰਡ ਦਾ, ਜ਼ਮੀਨ ਦਾ ਕੋਈ ਹੇਰਵਾ ਨਹੀਂ ਸਗੋਂ ਖਹਿੜਾ ਛੁੱਟ ਗਿਆ ਸਮਝਦਾ ਹੈ। ਜ਼ਮੀਨ ਬੰਦੇ ਨੂੰ ਖਾਹਮਖਾਹ ਬੰਨ੍ਹ ਰੱਖਦੀ ਹੈ।
ਜਲੰਧਰ ਦਾ ਕੌਫੀ ਹਾਊਸ ਕਦੇ ਪ੍ਰਸਿੱਧ ਹੁੰਦਾ ਸੀ। ਮੈਂ ਸਠਿਆਲੇ ਤੋਂ ਕਦੇ ਵਿਰਕ ਨੂੰ ਮਿਲਣ ਆ ਜਾਂਦਾ। ਉਹ ਇੱਥੇ ਇਨਫਰਮੇਸ਼ਨ ਅਫਸਰ ਸੀ। ਪ੍ਰੇਮ ਦੇ ਲੜਾਕੇ ਸੁਭਾਅ ਦੀ ਮਸ਼ਹੂਰੀ ਸੀ। ਮੇਰੀ ਕਿਸਮਤ ਚੰਗੀ, ਉਲਟਾ ਮੈਂ ਇਹਦੇ ਨਾਲ ਲੜ ਪਿਆ। ਇਹ ਮੈਨੂੰ ਕਹਿੰਦਾ- ਆਪਣੀ ਦੋਸਤੀ ਹੋ ਸਕਦੀ ਹੈ। ਦੋਸਤੀ ਤਾਂ ਸ਼ਾਇਦ ਵਿਰਕ ਸਦਕਾ ਹੌਲੀ-ਹੌਲੀ ਹੋ ਹੀ ਜਾਣੀ ਸੀ। ਪਰ ਅਸੀਂ ਉਹਦੀ ਵਿਚੋਲਗੀ ਤੋਂ ਬਿਨਾਂ ਹੀ ਬੜਾ ਸੋਹਣਾ ਮੁੱਢ ਬੰਨ੍ਹ ਲਿਆ। 1965 ਦੀ ਗੱਲ ਹੈ ਕਿ ਮਰਹੂਮ ਛਾਬੜੇ ਨੇ ‘ਮਿੱਟੀ ਦੀ ਢੇਰੀ’ ਨਾਵਲ ਛਾਪਿਆ ਸੀ। ਪ੍ਰੇਮ ਦੋ ਚਾਰ ਬੰਦਿਆਂ ’ਚੋਂ ਸੀ ਜਿਸਨੂੰ ਨਾਵਲ ਦੀ ਗੱਲ ਸਮਝ ਆਈ ਹੋਵੇ। ਬੰਦੇ ਦੀ ਸਮਝ ਦੂਸਰਿਆਂ ਲਈ ਸਤਿਕਾਰ ਦਾ ਮੌਕਾ ਬਣ ਜਾਂਦੀ ਹੈ। ਸਤਿਕਾਰ ਤੋਂ ਬਿਨਾਂ ਦੋਸਤੀ ਬਹੁਤੀ ਦੂਰ ਨਹੀਂ ਜਾਂਦੀ।
ਪ੍ਰੇਮ ਦੇ ਅਜੀਬ ਅਜੀਬ ਮੋਹ ਹੁੰਦੇ ਹਨ। ਇਹਦਾ ਮੋਹ ਖਬਤ ’ਚ ਬਦਲ ਜਾਂਦਾ ਹੈ। ਇਹ ਚੰਗੇ ਅਰਥਾਂ ਵਿੱਚ ਖਬਤੀ ਹੈ। ਇਹਨੂੰ ਮਰ ਰਹੇ ਸ਼ਬਦਾਂ ਨਾਲ ਮੋਹ ਹੈ। ਮੇਰੇ ਨਾਲ ਮਲਵੱਈ ਪਿਛੋਕੜ ਦੀ ਸਾਂਝ ਹੈ। ਇਸ ਕਰਕੇ ਪ੍ਰੇਮ ਮੇਰੇ ਨਾਲ ਇਲਾਕਾਈ ਅਤੇ ਨਾ-ਵਰਤੇ ਜਾਂਦੇ ਲਫ਼ਜ਼ਾਂ ਦੀ ਗੱਲ ਕਰਦਾ ਰਹਿੰਦਾ ਹੈ ਜਿਵੇਂ ਅਸੀਂ ਕਹਿੰਦੇ ਹਾਂ- ਵਿਲੇ ਲਾ ਦਿੱਤਾ, ਕਿਓਟ ਦੇ, ਜਾਂ ਮਗਰੀ ਮਾਰੀ ਜਾਂਦਾ ਸੀ। ਪ੍ਰੇਮ ਦਾ ਇਲਾਕਾਈ ਭਾਖਾ ਨਾਲ ਮੋਹ ਮੇਰੇ ਬੜਾ ਕੰਮ ਆਇਆ। ‘ਪੁਸ਼ਤਾਂ’ ਦੇ ਪਰੂਫ਼ ਪ੍ਰੇਮ ਨੇ ਹੀ ਪੜ੍ਹੇ ਸੀ। ਭਾਖਾ ਤੋਂ ਅਣਜਾਣ ਹੋਣ ਕਰਕੇ ਕਈ ਪਾਠਕ ਨਾਟਕ ਵਿੱਚ ਮਿਸਪ੍ਰਿੰਟ ਦੀ ਸ਼ਿਕਾਇਤ ਕਰਦੇ ਹਨ ਜਿਹੜੀ ਗੱਲ ਠੀਕ ਨਹੀਂ।
ਕੁਝ ਸਾਲ ਹੋਏ ਪ੍ਰੇਮ ਨੂੰ ਗਾਈਆਂ ਦਾ ਖਬਤ ਹੋ ਗਿਆ। ਜਿਵੇਂ ਸਿਰ ’ਤੇ ਭੂਤ ਸਵਾਰ ਹੋਣ ਦਾ ਮੁਹਾਵਰਾ ਹੈ। ਇਹ ਆਪ ਹੀ ਕਹਿੰਦਾ- ‘ਮੇਰੇ ਸਿਰ ’ਤੇ ਗਾਂ ਚੜ੍ਹੀ ਹੋਈ ਹੈ। ਜੇ ਇੱਕ ਵੇਚੀ ਤਾਂ ਦੂਸਰੀ ਖਰੀਦ ਲਈ।’ ਇਹ ਛੁੱਟੀ ਲੈ ਕੇ ਸਾਰਾ ਸਾਰਾ ਦਿਨ ਗਾਈਆਂ ਵੇਖਦਾ ਫਿਰਦਾ ਸੀ। ਪ੍ਰੇਮ ਨੇ ਸਾਡੀ ਗਊ-ਪੂਜਾ ਬਾਰੇ ਬੜੀ ਦਿਲਚਸਪ ਗੱਲ ਦੱਸੀ। ਗੁਆਂਢੀ ਇਨ੍ਹਾਂ ਤੋਂ ਦੁੱਧ ਲੈ ਜਾਂਦੇ ਸੀ। ਜਦੋਂ ਇਹਨੇ ਮੱਝ ਛੱਡ ਕੇ ਗਊ ਲਈ ਤਾਂ ਗੁਆਂਢੀ ਦੁੱਧ ਲੈਣੋਂ ਹਟ ਗਏ। ਗਾਂ ਦੇ ਦੁੱਧ ਵਿੱਚ ਘਿਓ ਥੋੜ੍ਹਾ ਹੁੰਦਾ ਹੈ ਭਾਵੇਂ ਮਿਥਿਹਾਸ ਹੈ ਕਿ ਗੋਕੇ ਦੁੱਧ ਵਿੱਚ ਸੋਨੇ ਦੇ ਕਿਣਕੇ ਹੁੰਦੇ ਹਨ।
ਪ੍ਰੇਮ ਦੇ ਖਬਤ ਤੋਂ ਅਸੀਂ ਇਹਦੇ ਕਹਾਣੀ ਜਗਤ ਨੂੰ ਵੇਖ ਸਕਦੇ ਹਾਂ। ਪ੍ਰੇਮ ਨੂੰ ਪ੍ਰੇਮ ਕਹਾਣੀਆਂ ਦਾ ਲਿਖਾਰੀ ਸਮਝਿਆ ਜਾਂਦਾ ਹੈ। ਇਹਦੀਆਂ ਕਹਾਣੀਆਂ ਵਿੱਚ ਖਬਤੀ ਪ੍ਰੇਮ ਹੈ। ਸਾਡੇ ਸਾਹਿਤ ਵਿੱਚ ਪ੍ਰੇਮ-ਚਿਤਰਨ ਭਾਵੇਂ ਪੁਰਾਣਾ ਹੈ, ਪਰ ਬੜਾ ਸੀਮਤ ਰਿਹਾ ਹੈ। ਜਦੋਂ ਸਮਾਜੀ ਮੇਲ ਮਿਲਾਪ ਦੀ ਕੋਈ ਪ੍ਰਥਾ ਅਤੇ ਸੰਸਥਾ ਨਹੀਂ ਸੀ ਤਾਂ ਪਿਆਰ ਦਾ ਰੂਮਾਨੀ ਹੋਣਾ ਜ਼ਰੂਰੀ ਸੀ। ਇਹ ਰੂਮਾਨ ਦਾ ਚਿਤਰਨ ਜ਼ਿਆਦਾ ਅਤੇ ਪ੍ਰੇਮੀ ਦਾ ਉਲੀਕਣ ਥੋੜ੍ਹਾ ਸੀ। ਸੂਫ਼ੀ ਕਵੀ ਦਰਸ਼ਨ ਦਾ ਸਹਾਰਾ ਲੈ ਕੇ ਇਹਨੂੰ ਦਰਦ ਦਾ ਫੰਤਾਸ ਬਣਾਈ ਜਾਂਦੇ ਹਨ। ਹੁਣ ਇਸਤਰੀ ਪੁਰਖ ਦੇ ਮਿਲਾਪ ਦੀਆਂ ਕਈ ਸੰਸਥਾਵਾਂ ਹਨ। ਇਸ ਕਰਕੇ ਅਜਿਹੇ ਅਨੁਭਵ ਨੂੰ ਯਥਾਰਥ ਮੁਖੀ ਹੋ ਕੇ ਵੇਖਿਆ ਜਾ ਸਕਦਾ ਹੈ। ਪ੍ਰੇਮ ਪ੍ਰਕਾਸ਼ ਆਪਣੀ ਕਹਾਣੀ ਵਿੱਚ ਮੁਹੱਬਤ ਦੇ ਯਥਾਰਥ ਨੂੰ ਘੋਖਦਾ ਹੈ। ਇੱਥੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਸਾਹਿਤ ਕੇਵਲ ਮਨੋਰੰਜਨ ਨਹੀਂ, ਇਹ ਖੋਜ ਵੀ ਹੈ। ਖੋਜੀ ਪ੍ਰੇਮ ਆਪਣੀਆਂ ਕਹਾਣੀਆਂ ਵਿੱਚ ਸਾਡੇ ਲਈ ਕਈ ਚੀਜ਼ਾਂ ਲੱਭ ਕੇ ਲਿਆਉਂਦਾ ਹੈ। ਪ੍ਰੇਮ ਦਾ ਸੰਬੰਧ ਸੂਖ਼ਮ ਅਤੇ ਸਵੱਛ ਹੋ ਸਕਦਾ ਹੈ, ਹੁੰਦਾ ਵੀ ਹੈ, ਪਰ ਹਮੇਸ਼ਾ ਨਹੀਂ। ਪ੍ਰੇਮ ਦੇ ਸਮੁੰਦਰ ਵਿੱਚ ਬਹੁਤ ਕੁਝ ਹੁੰਦਾ ਹੈ। ਮੈਂ ਜਾਣ ਬੁੱਝ ਕੇ ਸਮੁੰਦਰ ਦਾ ਮਨੋਵਿਗਿਆਨਕ ਅਲੰਕਾਰ ਵਰਤਿਆ ਹੈ। ਪ੍ਰੇਮ ਪ੍ਰਕਾਸ਼ ਦੇ ਪਿਆਰ ਦੇ ਸਮੁੰਦਰ ਵਿੱਚ ਦੋ ਤਿੰਨ ਮਹੱਤਵਪੂਰਨ ਅੰਸ਼ ਹਨ।
ਇਹਦਾ ਪਹਿਲਾ ਅੰਸ਼ ਹਿੰਸਾ ਦਾ ਹੈ। ਇਹਦੇ ਇਸ਼ਾਰੇ, ਇਹਦੀਆਂ ਹਰਕਤਾਂ, ਇਹਦੀ ਮੁਦਰਾ ਅਤੇ ਇੰਗਤ ਵਿੱਚ ਹਿੰਸਾ ਦਾ ਆਕਾਰ ਹੁੰਦਾ ਹੈ। ਅਸੀਂ ਇਹ ਗੱਲ ਜਾਣਦੇ ਹੋਏ ਵੀ ਭੁੱਲਣਾ ਚਾਹੁੰਦੇ ਹਾਂ ਕਿ ਪਿਆਰ ਵਿੱਚ ਹਿੰਸਾ ਹੁੰਦੀ ਹੈ। ਕੋਈ ਖਬਤੀ ਆਦਮੀ ਹੀ ਇਹਨੂੰ ਵੇਖ ਸਕਦਾ ਹੈ, ਖਬਤ ਤੋਂ ਬਿਨਾਂ ਇਹਦਾ ਚਿਤਰਨ ਸੰਭਵ ਨਹੀਂ। ਦੂਸਰੇ ਪ੍ਰੇਮ ਪ੍ਰਕਾਸ਼ ਦੇ ਪਿਆਰ ਵਿੱਚ ਮੌਤ ਦਾ ਪ੍ਰਤੱਵ ਹੈ। ਵੈਸੇ ਤਾਂ ਹਰ ਆਦਮੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਆਰ ਦੀ ਲੋੜ ਹੀ ਮੌਤ ਦਾ ਕਾਰਨ ਹੈ। ਇਸੇ ਕਰਕੇ ‘ਡੈੱਡ ਲਾਈਨ’ ਮਹੱਤਵਪੂਰਨ ਕਹਾਣੀ ਹੈ। ਤੀਸਰੇ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿੱਚ ਪਿਆਰ ਧਰਮ ’ਚ ਬਦਲਦਾ ਪ੍ਰਤੀਤ ਹੁੰਦਾ ਹੈ। ਇਹ ਪਿਆਰ ਵਿੱਚ ਮੌਤ ਦਾ ਹੀ ਵਿਲੱਖਣ ਅਨੁਰੂਪ ਹੈ। ਜੇ ਪਿਆਰ ਤੇ ਮੌਤ ਵਾਦ ਅਤੇ ਪ੍ਰਤਿਵਾਦ ਹਨ ਤਾਂ ਇਨ੍ਹਾਂ ਤੋਂ ਉਪਰੰਤ ਉਦਗਾਮੀ ਸੰਵਾਦ ਧਾਰਮਿਕ ਸੰਕਲਪ ਹੀ ਹੋ ਸਕਦਾ ਹੈ। ਪ੍ਰੇਮ ਪ੍ਰਕਾਸ਼ ਇਹਨੂੰ ਮੁਕਤੀ ਰਾਹੀਂ ਉਜਾਗਰ ਕਰਨਾ ਚਾਹੁੰਦਾ ਹੈ। ਪਿਆਰ ਦੀ ਮੁਕਤੀ ’ਚ ਅਲੌਕਿਕ ਮੁਕਤੀ ਲੱਭਣੀ ਭਰਮ ਹੋ ਸਕਦਾ ਹੈ। ਸ਼ਾਇਦ ਇਹਨੂੰ ਨਿੱਗਰ ਦਰਸ਼ਨ ’ਚ ਬਦਲਣਾ ਠੀਕ ਨਾ ਹੋਵੇ। ਮੈਂ ਪ੍ਰੇਮ ਨੂੰ ਕਈ ਵਾਰ ਸਮਝਾਇਆ ਹੈ ਕਿ ਉਹ ਮੁਕਤੀ ਦੇ ਬੰਧਨ ’ਚ ਨਾ ਪਵੇ। ਪਰ ਉਹਦਾ ਖਬਤ ਉਹਨੂੰ ਚੈਨ ਨਹੀਂ ਲੈਣ ਦਿੰਦਾ। ਉਹਨੇ ਤਾਂ ਸ਼ਾਇਦ ਜ਼ਿੱਦ ਫੜ ਲੈਣੀ ਹੈ। ਰਚਨਾ ਲਈ ਜ਼ਿੱਦ ਬੜੀ ਜ਼ਰੂਰੀ ਚੀਜ਼ ਹੈ। ਜਿਸ ਨੂੰ ਕਿਸੇ ਗੱਲ ਦੀ ਜ਼ਿੱਦ ਨਹੀਂ, ਉਹਨੇ ਕੀ ਗੱਲ ਫੜਨੀ ਹੈ। ਗ੍ਰਿਫ਼ਤ ਨਾਲ ਹੀ ਪਕੜ ਬਣਦੀ ਹੈ।
ਪ੍ਰੇਮ ਨੂੰ ਭਗਵੇਂ ਕੱਪੜੇ ਪਾਉਣ ਦਾ ਸ਼ੌਕ ਹੈ। ਘਰ ਦਾ ਜੋਗੀ ਬਣਦਾ ਹੈ। ‘ਬਣਦਾ’ ਲਫ਼ਜ਼ ਠੀਕ ਹੈ। ਇਹਦੇ ਵਿੱਚ ਕੋਈ ਬਨਾਵਟ ਹੈ। ਉਹ ਪਿੱਛੇ ਜਿਹੇ ਗੁਜਰਾਤ ਮਹਾਂਰਾਸ਼ਟਰ ਵਿੱਚ ਐਵੇਂ ਫਿਰਦਾ ਰਿਹਾ। ਇਹਦਾ ਖ਼ਿਆਲ ਹੈ ਕਿ ਸ਼ਾਇਦ ਸਾਧੂਪਣ ’ਚ ਕੋਈ ਚੀਜ਼ ਹੋਵੇ। ਇਹਦੀ ਆਵਾਰਗੀ ’ਚ ਮੁਕਤੀ ਦੇ ਧਰਮ ਜਿਹਾ ਭਰਮ ਹੈ। ਦੋਸਤਾਂ ਨੂੰ ਦੋਸਤਾਂ ਦੀ ਪੱਕੀ ਸਮਝ ਨਹੀਂ ਹੁੰਦੀ, ਜਿਵੇਂ ਆਲੋਚਕਾਂ ਨੂੰ ਰਚਨਾ ਦੀ ਪੱਕੀ ਸਮਝ ਦਾ ਦਾਅਵਾ ਨਹੀਂ ਕਰਨਾ ਚਾਹੀਦਾ। ਇਸ ਕਰਕੇ ਮੈਨੂੰ ਦੂਹਰੀ ਗ਼ਲਤੀ ਲੱਗ ਸਕਦੀ ਹੈ। ਸਾਧੂਪਣ ਅਤੇ ਮੁਕਤੀ ਦਾ ਭਰਮ ਸ਼ਾਇਦ ਮੇਰਾ ਹੋਵੇ ਨਾ ਕਿ ਪ੍ਰੇਮ ਦਾ। ਪ੍ਰੇਮ ਖੁਣਸੀ ਆਦਮੀ ਹੈ। ਉਹ ਸ਼ਾਇਦ ਇਹਦੇ ਵਿੱਚੋਂ ਕੁਝ ਕੱਢ ਲਏ।
ਬੰਦੇ ਦੀ ਪਹਿਚਾਣ ਉਹਦੇ ਕੁੱਤੇ ਤੋਂ ਹੋ ਜਾਂਦੀ ਹੈ। ਪ੍ਰੇਮ ਦਾ ਇੱਕ ਕੁੱਤਾ ਸੀ ਟਾਈਗਰ, ਉਹ ਬਿਲਕੁਲ ਇਹਦੇ ’ਤੇ ਸੀ। ਇਹ ਕਤੂਰੇ ਨੂੰ ਕਿਧਰੋਂ ਲੱਭ ਲਭਾ ਕੇ ਲਿਆਇਆ। ਉਹਨੂੰ ਪਾਲਿਆ। ਉਹ ਆਏ ਗਏ ਨੂੰ ਪੈਂਦਾ ਸੀ। ਪ੍ਰੇਮ ਦੇ ਗੁਆਂਢ ’ਚ ਸਿੱਧੂ ਪਰਿਵਾਰ ਰਹਿੰਦਾ ਸੀ। ਸਿੱਧੂ ਸਾਹਿਬ ਨੇ ਕਿਤੇ ਟਾਈਗਰ ਨੂੰ ਮਾਰਿਆ। ਟਾਈਗਰ ਮੁੜਕੇ ਉਨ੍ਹਾਂ ਦੇ ਘਰ ਨਹੀਂ ਗਿਆ। ਕੋਈ ਲਾਲਚ ਟਾਈਗਰ ਨੂੰ ਭਰਮਾ ਨਾ ਸਕਿਆ। ਫੇਰ ਕੁੱਤੇ ਦੀ ਕਿਵੇਂ ਲੱਤ ਟੁੱਟ ਗਈ। ਪ੍ਰੇਮ ਆਪਣੇ ਟਾਈਗਰ ਦਾ ਪ੍ਰਸ਼ੰਸਕ ਸੀ। ਮੈਨੂੰ ਕਈ ਵਾਰ ਖ਼ਿਆਲ ਆਉਂਦਾ ਕਿ ਪ੍ਰੇਮ ਦਾ ਸਭ ਤੋਂ ਵੱਡਾ ਦੋਸਤ ਟਾਈਗਰ ਹੈ। ਜਦ ਮੈਂ ਇਹ ਗੱਲ ਕਹਿੰਦਾ ਹਾਂ ਤਾਂ ਪ੍ਰੇਮ ਦੇ ਹੋਰ ਦੋਸਤਾਂ ਨੂੰ ਕੰਨ ਹੋਣੇ ਚਾਹੀਦੇ ਹਨ। ਫੇਰ ਨਿਰਮੋਹੀ ਪ੍ਰੇਮ ਨੇ ਟਾਈਗਰ ਨੂੰ ਘਰੋਂ ਕੱਢ ਦਿੱਤਾ। ਟਾਈਗਰ ਬੁੱਢਾ ਹੋ ਗਿਆ ਸੀ। ਮੈਂ ਪੁੱਛਿਆ ਤਾਂ ਇਹ ਕਹਿੰਦਾ ਕਿ ਇੱਥੇ ਕਿਤੇ ਬਾਹਰ ਫਿਰਦਾ ਹੋਣੈ। ਟਾਈਗਰ ਵੀ 593, ਮੋਤਾ ਸਿੰਘ ਨਗਰ ਨੂੰ ਭੁੱਲ ਗਿਆ ਸੀ। ਮਾਲਕ ਅਤੇ ਕੁੱਤੇ ਦਾ ਇੱਕੋ ਸੁਭਾਅ ਸੀ।
ਪ੍ਰੇਮ ਨੂੰ ਕਵਿਤਾ ਨਾਲ ਕੋਈ ਲਗਾਉ ਨਹੀਂ। ਉਹ ਕਹਿੰਦਾ ਹੈ ਕਿ ਮੈਨੂੰ ਸ਼ਾਇਰੀ ਸਮਝ ਨਹੀਂ ਆਉਂਦੀ। ਮੈਨੂੰ ਇਹਦੀ ਇਹ ਗੱਲ ਸਮਝ ਨਹੀਂ ਆਉਂਦੀ। ਇੱਕ ਵਾਰ ਮੈਂ ਕਿਤੇ ਇਹਨੂੰ ਕਹਿ ਬੈਠਾ ਕਿ ਕਵਿਤਾ ਅਤੇ ਕਹਾਣੀ ਹਮ-ਮਾਅਨੀ ਹੋ ਸਕਦੀਆਂ ਹਨ। ਖੁਸ਼ਕਿਸਮਤੀ ਨਾਲ ਜਾਂ ਤਾਂ ਸਾਡੀ ਬਹਿਣੀ ਖਲੋਣੀ ਜ਼ਿਆਦਾ ਹੋ ਗਈ ਜਾਂ ਅਸੀਂ ਅਨੁਭਵ ਦੇ ਹਮ-ਖਿਆਲ ਹੋ ਗਏ। ਇਹਨੇ ਕਿਧਰੇ ਮੈਨੂੰ ਕਹਾਣੀ ਸੁਣਾਈ ਜਿਸਦਾ ਮਤਲਬ ਸੀ ਕਿ ਬੰਦਾ ਪਿਆਰ ’ਚ ਖੱਜਲ ਖੁਆਰ ਜ਼ਿਆਦਾ ਹੁੰਦਾ ਹੈ ਅਤੇ ਹਿਸਾਬ ਦਾ ਮਿਲਦਾ ਮਿਲਾਉਂਦਾ ਕੁਝ ਨਹੀਂ। ਮੈਂ ਮਜ਼ਦੂਰੀ ਲਹਿਜ਼ੇ ’ਚ ਕਹਿ ਦਿੱਤਾ ਕਿ ਬੰਦੇ ਦੀ ਮਿਹਨਤ ਨਹੀਂ ਮੁੜਦੀ। ਮੈਂ ਇਹੀ ਗੱਲ ਨਜ਼ਮ ’ਚ ਬੰਨ੍ਹ ਲਈ ਸੀ। ਹੁਣ ਪ੍ਰੇਮ ਮੇਰੇ ਨਾਲ ਰਿਆਇਤ ਕਰਨ ਲੱਗ ਪਿਆ ਹੈ। ਇਹ ਉਹ ਚੀਜ਼ ਸੁਣ ਲੈਂਦਾ ਹੈ ਜਿਹੜੀ ਇਹਦੀ ਨਵੀਂ ਕਹਾਣੀ ਦੀ ਹਮ-ਖ਼ਿਆਲ ਹੋਵੇ।
- ਪ੍ਰੇਮ ਮੇਰੀ ਲਿਖਤ ਨੂੰ ਕਦੇ ਨਹੀਂ ਪੜ੍ਹਦਾ। ਮੈਂ ਵੀ ਪ੍ਰੇਮ ਤੋਂ ਬਦਲਾ ਲੈਂਦਾ ਹਾਂ। ਇਹਦੀ ਕਹਾਣੀ ਮੈਂ ਕਦੇ ਨਹੀਂ ਪੜ੍ਹੀ। ਇਹਨੂੰ ਆਪਣੀ ਹਰ ਕਹਾਣੀ ਮੈਨੂੰ ਸੁਣਾਉਣੀ ਪੈਂਦੀ ਹੈ।