ਪ੍ਰੇਮਿਕਾ ਨੂੰ ਨਹਿਰ ਵਿੱਚ ਸੁੱਟਣ ਵਾਲਾ ਪੁਲੀਸ ਵੱਲੋਂ ਕਾਬੂ
ਜਗਮੋਹਨ ਸਿੰਘ
ਰੂਪਨਗਰ, 1 ਜੂਨ
ਸਰਕਾਰੀ ਕਾਲਜ ਰੂਪਨਗਰ ਦੀ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਨਾਲ ਸੋਸ਼ਲ ਮੀਡੀਆ ’ਤੇ ਦੋਸਤੀ ਕਰਨ ਉਪਰੰਤ ਉਸ ਨੂੰ ਕਾਰ ਸਮੇਤ ਨਹਿਰ ਵਿੱਚ ਸੁੁੱਟ ਕੇ ਹੱਤਿਆ ਕਰਨ ਵਾਲੇ ਕਥਿਤ ਪ੍ਰੇਮੀ ਨੂੰ ਥਾਣਾ ਸਿਟੀ ਰੂਪਨਗਰ ਦੀ ਪੁਲੀਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 29 ਮਈ ਨੂੰ ਘਰ ਤੋਂ ਪੜ੍ਹਨ ਲਈ ਸਰਕਾਰੀ ਕਾਲਜ ਰੂਪਨਗਰ ਗਈ ਸੀ ਪਰ ਵਾਪਸ ਨਹੀਂ ਪਰਤੀ। ਉਨ੍ਹਾਂ ਦੀ ਲੜਕੀ ਨੇ ਕੁਝ ਦਿਨ ਪਹਿਲਾਂ ਆਪਣੇ ਮਾਪਿਆਂ ਨੂੰ ਦੱਸਿਆ ਸੀ ਕਿ ਉਸ ਦੀ ਇੰਸਟਾਗ੍ਰਾਮ ’ਤੇ ਮਾਛੀਵਾੜਾ ਨੇੜਲੇ ਪਿੰਡ ਗੁਰੂਗੜ੍ਹ ਦੇ ਜਸਪ੍ਰੀਤ ਸਿੰਘ ਨਾਲ ਦੋਸਤੀ ਹੋ ਗਈ ਹੈ, ਜਿਹੜਾ ਉਸ ਨੂੰ ਵਿਆਹ ਕਰਵਾਉਣ ਲਈ ਕਹਿੰਦਾ ਸੀ। ਇਸ ਆਧਾਰ ’ਤੇ ਜਦੋਂ ਉਹ ਲੜਕੇ ਜਸਪ੍ਰੀਤ ਸਿੰਘ ਦੇ ਘਰ ਪੁੱਜੇ ਤਾਂ ਉਨ੍ਹਾਂ ਨੂੰ ਲੜਕਾ ਘਰ ਨਹੀਂ ਮਿਲਿਆ ਪਰ ਲੜਕੇ ਦੇ ਚਾਚੇ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦੀ ਕਾਰ ਭੋਜੇਮਾਜਰਾ ਪਿੰਡ ਨੇੜੇ ਸਰਹਿੰਦ ਨਹਿਰ ਵਿੱਚ ਡਿੱਗ ਗਈ ਹੈ ਅਤੇ ਜਸਪ੍ਰੀਤ ਸਿੰਘ ਹਾਲੇ ਤੱਕ ਘਰ ਨਹੀਂ ਪੁੱਜਿਆ। ਲੜਕੀ ਦੇ ਤਾਏ ਨੇ ਦੱਸਿਆ ਕਿ ਬਾਅਦ ਵਿਚ ਕਾਰ ਨਹਿਰ ਵਿੱਚੋਂ ਬਰਾਮਦ ਹੋ ਗਈ ਜਿਸ ਵਿੱਚ ਲੜਕੀ ਮ੍ਰਿਤਕ ਹਾਲਤ ਵਿੱਚ ਮਿਲੀ। ਉਨ੍ਹਾਂ ਦੱਸਿਆ ਕਿ ਕਾਰ ਦੀ ਟੁੱਟੀ ਹੋਈ ਨੰਬਰ ਪਲੇਟ ਨਹਿਰ ਕਿਨਾਰੇ ਝਾੜੀਆਂ ਵਿੱਚੋਂ ਬਰਾਮਦ ਹੋਣ ਉਪਰੰਤ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਜਸਪ੍ਰੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਲੜਕੀ ਦੀ ਗਿਣੀ ਮਿਥੀ ਸਾਜ਼ਿਸ਼ ਅਧੀਨ ਹੱਤਿਆ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਰੂਪਨਗਰ ਪੁਲੀਸ ਦੇ ਐਸਐਚਓ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੂੰ ਅੱਜ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।