ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨੇ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 26 ਮਈ
ਸਤਲੁਜ ਸਕੂਲ ਵਿੱਚ 10ਵੀਂ ਤੇ 12ਵੀਂ ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਗੀਤਾ ਗਿਆਨ ਸੰਸਥਾਨ ਕੁਰੂਕਸ਼ੇਤਰ ਦੀ ਅਗਵਾਈ ਹੇਠ ਭਗਵਤੀ ਵੈੱਲਫੇਅਰ ਸੁਸਾਇਟੀ ਅੰਬਾਲਾ ਵਲੋਂ ਰਾਈਜ਼ਿੰਗ ਸਟਾਰ ਪੁਰਸਕਾਰ-2025 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੀਤਾ ਮਨੀਸ਼ੀ ਸੁਆਮੀ ਗਿਆਨਾ ਨੰਦ ਮਹਾਰਜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ, ਪਤਵੰਤਿਆਂ, ਪ੍ਰਿੰਸੀਪਲਾਂ, ਅਧਿਆਪਕਾਂ ਸਕੂਲ ਮੈਨੇਜਮੈਂਟ ਤੇ ਮਾਪਿਆਂ ਨੂੰ ਗੀਤਾ ਦਾ ਸੁਨੇਹਾ ਦਿੱਤਾ ਤੇ ਉਨ੍ਹਾਂ ਨੂੰ ਗੀਤਾ ਦੀਆਂ ਸਿੱਖਿਆਵਾਂ ’ਤੇ ਚਲੱਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਭਗਵਤੀ ਵੈੱਲਫੇਅਰ ਸੁਸਾਇਟੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਵੈੱਲਫੇਅਰ ਸੁਸਾਇਟੀ ਦੇ ਡਾਇਰੈਕਟਰ ਡਾ. ਆਦਿੱਤਿਆ ਸਿੰਘ ਵਰਮਾ ਨੇ ਕਿਹਾ ਕਿ ਸੁਸਾਇਟੀ ਕਰੋਨਾ ਕਾਲ ਤੋਂ ਹੀ ਲੋੜਵੰਦ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀ ਹੈ। ਸੁਸਾਇਟੀ ਵਲੋਂ ਪਿਛਲੇ ਤਿੰਨ ਸਾਲ ਤੋਂ ਬੋਰਡ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਰਾਈਜ਼ਿੰਗ ਸਟਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਤਲੁਜ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੂੰ ਸੁਸਾਇਟੀ ਦੇ ਨਿਰੰਤਰ ਸਮਰਥਨ ਲਈ ਵੀ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਉਹ ਇਸ ਸੁਸਾਇਟੀ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਸੰਗੀਤ ਵਰਮਾ, ਪ੍ਰੀਤੀ ਵਰਮਾ, ਵਿਕਰਮ ਚੌਹਾਨ, ਸਾਗਰ ਰਤਨਾ, ਅਸ਼ੋਕ ਕੁਮਾਰ, ਡਾ. ਪਵਨ ਆਰੀਆ, ਸੁਸ਼ੀਲ ਖਾੜੇ, ਮਮਤਾ ਜੈਨ, ਸੰਜੇ ਬਠਲਾ, ਸਾਹਿਲ, ਮਨਦੀਪ ਕੌਰ ਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ।