ਪ੍ਰਿਯੰਕਾ ਚੋਪੜਾ ਨੇ ਆਪਣੇ ਪਿਤਾ ਨੂੰ ਬਰਸੀ ’ਤੇ ਯਾਦ ਕੀਤਾ
ਨਵੀਂ ਦਿੱਲੀ:
ਅਦਾਕਾਰਾ ਤੇ ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਜੋਨਸ ਨੇ ਆਪਣੇ ਪਿਤਾ ਡਾ. ਅਸ਼ੋਕ ਚੋਪੜਾ ਦੀ ਬਾਰਵ੍ਹੀਂ ਬਰਸੀ ’ਤੇ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਇੰਸਟਾਗ੍ਰਾਮ ’ਤੇ ਪ੍ਰਿਯੰਕਾ ਨੇ ਆਪਣੇ ਪਿਤਾ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ, ਜੋ ਉਨ੍ਹਾਂ ਦੀ ਪਰਿਵਾਰਕ ਛੁੱਟੀਆਂ ਮਨਾਉਣ ਵੇਲੇ ਦੀ ਹੋ ਸਕਦੀ ਹੈ। ਤਸਵੀਰ ਵਿੱਚ ਬੱਚੀ ਪ੍ਰਿਯੰਕਾ ਆਪਣੇ ਪਿਤਾ ਨਾਲ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਇਹ ਤਸਵੀਰ ਧੀ ਤੇ ਪਿਤਾ ਵਿਚਾਲੇ ਪਿਆਰ ਨੂੰ ਦਰਸਾਉਂਦੀ ਹੈ। ਪ੍ਰਿਯੰਕਾ ਨੇ ਤਸਵੀਰ ਸਾਂਝੀ ਕਰਦਿਆਂ ਕਿਹਾ, ‘‘ਪਿਤਾ ਜੀ ਹਰ ਰੋਜ਼ ਤੁਹਾਡੀ ਯਾਦ ਆਉਂਦੀ ਹੈ।’’ ਜ਼ਿਕਰਯੋਗ ਹੈ ਕਿ ਭਾਰਤੀ ਫੌਜ ਦੇ ਸਾਬਕਾ ਡਾਕਟਰ ਅਸ਼ੋਕ ਚੋਪੜਾ ਦਾ ਕੈਂਸਰ ਨਾਲ ਲੰਮੀ ਲੜਾਈ ਮਗਰੋਂ 2013 ਵਿੱਚ ਦੇਹਾਂਤ ਹੋ ਗਿਆ ਸੀ। ਅਸ਼ੋਕ ਚੋਪੜਾ ਦੀ ਮੌਤ ਨੇ ਪ੍ਰਿਯੰਕਾ ’ਤੇ ਡੂੰਘਾ ਪ੍ਰਭਾਵ ਪਾਇਆ ਤੇ ਉਸ ਨੇ ਪਿਤਾ ਨੂੰ ਆਪਣੀ ਜ਼ਿੰਦਗੀ ’ਚ ਮਜ਼ਬੂਤ ਥੰਮ੍ਹ ਮੰਨਿਆ। ਪਿਛਲੇ ਸਮੇਂ ਇੰਟਰਵਿਊਜ਼ ’ਚ ਪ੍ਰਿਯੰਕਾ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਆਪਣੇ ਦਰਦ ਨੂੰ ਸਕਰੀਨ ’ਤੇ ਪ੍ਰਦਰਸ਼ਨ ਵਿੱਚ ਬਦਲਿਆ ਸੀ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਆਉਣ ਵਾਲੀ ਐਕਸ਼ਨ-ਥ੍ਰਿਲਰ ਫਿਲਮ ‘ਹੈੱਡਜ਼ ਆਫ ਸਟੇਟ’ ਵਿੱਚ ਜੌਹਨ ਸੀਨਾ ਅਤੇ ਇਦਰੀਸ ਐਲਬਾ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਐਮਾਜ਼ੋਨ ਦੀ ਵੈੱਬ ਸੀਰੀਜ਼ ‘ਸਿਟਾਡੇਲ’ ਦੇ ਦੂਜੇ ਸੀਜ਼ਨ ਵਿੱਚ ਵੀ ਭੂਮਿਕਾ ਅਦਾ ਕਰੇਗੀ। -ਏਐੱਨਆਈ