ਪ੍ਰਸ਼ਾਸਨ ਨੇ ਚੰਡੀਗੜ੍ਹ-ਜ਼ੀਰਕਪੁਰ ਮਾਰਗ ਤੋਂ ਕਬਜ਼ੇ ਹਟਾਏ
ਮੁਕੇਸ਼ ਕੁਮਾਰ
ਚੰਡੀਗੜ੍ਹ, 27 ਮਈ
ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੇ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਪਿੰਡ ਹੱਲੋਮਾਜਰਾ ਤੋਂ ਲੈ ਕੇ ਜ਼ੀਰਕਪੁਰ ਤੱਕ ਸੜਕ ਕਿਨਾਰੇ ਕੀਤੇ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ। ਜ਼ਿਲ੍ਹਾ ਮੈਜਿਸਟ੍ਰੇਟ ਯੂਟੀ ਚੰਡੀਗੜ੍ਹ ਦੇ ਨਿਰਦੇਸ਼ਾਂ ਹੇਠ ਮੰਗਲਵਾਰ ਨੂੰ ਪ੍ਰਸ਼ਾਸਨ ਦੇ ਐਨਫੋਰਸਮੈਂਟ ਵਿੰਗ ਨੇ ਹੱਲੋਮਾਜਰਾ ਤੋਂ ਜ਼ੀਰਕਪੁਰ ਤੱਕ ਯੂਟੀ ਚੰਡੀਗੜ੍ਹ ਦੇ ਹਿੱਸੇ ਵਾਲੀ ਸੜਕ ਦੇ ਸੱਜੇ ਪਾਸੇ ’ਤੇ ਕੀਤੇ ਕਬਜ਼ਿਆਂ, ਮੈਰਿਜ ਪੈਲੇਸ, ਨਰਸਰੀ, ਗ਼ਮਲਿਆਂ ਦੀਆਂ ਦੁਕਾਨਾਂ, ਗੋਦਾਮ ਸਣੇ ਲਗਪਗ 60 ਉਸਾਰੀਆਂ ਹਟਾ ਦਿੱਤੀਆਂ। ਕਰੀਬ ਢਾਈ ਕਿਲੋਮੀਟਰ ਸੜਕ ’ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਇੰਜਨੀਅਰਿੰਗ ਵਿਭਾਗ ਨੇ ਚੰਡੀਗੜ੍ਹ ਪੁਲੀਸ ਦੀ ਸੁਰੱਖਿਆ ਹੇਠ ਹੋਰ ਸਬੰਧਤ ਅਧਿਕਾਰੀਆਂ ਨਾਲ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ। ਇਸ ਉਦੇਸ਼ ਇੱਥੇ ਸਰਕਾਰੀ ਜ਼ਮੀਨ ’ਤੇ ਪ੍ਰਵਾਨਿਤ ਮਾਸਟਰ ਪਲਾਨ ਤਹਿਤ ਸਾਈਕਲ ਟਰੈਕ ਸਣੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਿਸਥਾਰ ਨੂੰ ਯਕੀਨੀ ਬਣਾਉਣਾ ਸੀ। ਪ੍ਰਸ਼ਾਸਨ ਅਨੁਸਾਰ ਇੱਥੇ ਕੀਤੇ ਕਬਜ਼ੇ ਨਾ ਸਿਰਫ਼ ਵਿਕਾਸ ਗਤੀਵਿਧੀਆਂ ਵਿੱਚ ਰੁਕਾਵਟ ਪਾਉਂਦੇ ਸਨ, ਬਲਕਿ ਆਵਾਜਾਈ ਲਈ ਅੜਿੱਕਾ ਪਾਉਣ ਤੋਂ ਇਲਾਵਾ ਵਾਹਨਾਂ ਚਾਲਕਾਂ ਦੀ ਸੁਰੱਖਿਆ ਲਈ ਵੀ ਖ਼ਤਰਾ ਬਣੇ ਹੋਏ ਸਨ। ਪ੍ਰਸ਼ਾਸਨ ਨੇ ਇੱਥੇ ਕਬਜ਼ੇਦਾਰਾਂ ਨੂੰ ਪਹਿਲਾਂ ਹੀ ਵਾਰ-ਵਾਰ ਨੋਟਿਸ ਅਤੇ ਸਵੈ-ਇੱਛਾ ਨਾਲ ਕਬਜ਼ੇ ਹਟਾਉਣ ਦੇ ਮੌਕੇ ਦਿੱਤੇ ਸਨ। ਪ੍ਰਸ਼ਾਸਨ ਵੱਲੋਂ ਦਿੱਤੀ ਚਿਤਾਵਨੀ ਅਤੇ ਨੋਟਿਸਾਂ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਅੱਜ ਇਹ ਕਾਰਵਾਈ ਕਰ ਕੇ ਸਾਰੇ ਕਬਜ਼ੇ ਹਟਾ ਦਿੱਤੇ ਗਏ। ਇਸ ਮੁਹਿੰਮ ਦੌਰਾਨ ਨਾਲ ਲੱਗਦੇ ਕੌਮੀ ਮਾਰਗ ’ਤੇ ਆਵਾਜਾਈ ਨੂੰ ਬਿਨਾ ਕੋਈ ਅੜਿੱਕਾ ਜਾਰੀ ਰੱਖਣ ਦੇ ਵੀ ਪ੍ਰਬੰਧ ਕੀਤੇ ਕੀਤੇ ਗਏ ਸਨ।
ਪ੍ਰਸ਼ਾਸਨ ਦੀ ਕਾਰਵਾਈ ਦਾ ਲੋਕਾਂ ਵੱਲੋਂ ਵਿਰੋਧ
ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ। ਇੱਥੋਂ ਦੇ ਵਾਸੀਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨੇ ਬਿਨਾਂ ਕੋਈ ਨੋਟਿਸ ਦਿੱਤੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੇ ਕਾਰਵਾਈ ਸਬੰਧੀ ਡਿਪਟੀ ਕਮਿਸ਼ਨਰ ਨਾਲ ਬਕਾਇਦਾ ਈਮੇਲ ਤੇ ਮੀਟਿੰਗ ਕੀਤੀ ਗਈ ਸੀ। ਇਸ ਤਹਿਤ ਨਿਸ਼ਾਨਦੇਹੀ ਕਰਵਾਉਣ ਮਗਰੋਂ ਉਨ੍ਹਾਂ ਆਪਣੇ ਕਬਜ਼ੇ ਹਟਾਉਣ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਇੱਥੇ ਕਰੀਬ ਚਾਲੀ ਸਾਲ ਪਹਿਲਾਂ ਬਣੇ ਫਾਰਮ ਹਾਊਸਾਂ ਦੀਆਂ ਕੰਧਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ।