ਪ੍ਰਸ਼ਾਸਨ ਨੇ ਗੁਰਦੁਆਰਾ ਦਮਦਮੀ ਟਕਸਾਲ ਸੰਪਰਦਾ ਭਿੰਡਰਾਂ ਦਾ ਪ੍ਰਬੰਧ ਆਪਣੇ ਹੱਥਾਂ ’ਚ ਲਿਆ
ਹਰਦੀਪ ਸਿੰਘ
ਧਰਮਕੋਟ, 31 ਮਾਰਚ
ਗੁਰਦੁਆਰਾ ਦਮਦਮੀ ਟਕਸਾਲ ਸੰਪਰਦਾ ਭਿੰਡਰਾਂ ਦੇ ਪ੍ਰਬੰਧਾਂ ਅਤੇ ਗੱਦੀਨਸ਼ੀਨੀ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਪੈਦਾ ਹੋਇਆ ਵਿਵਾਦ ਸੁਲਝਦਾ ਨਾ ਦੇਖ ਪ੍ਰਸ਼ਾਸਨ ਨੇ ਲੰਘੀ ਦੇਰ ਸ਼ਾਮ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਕੇ ਧਾਰਾ 164 ਲਗਾ ਦਿੱਤੀ ਹੈ। ਕੱਲ੍ਹ ਦਿਨ ਭਰ ਸਹਾਇਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਦੀ ਅਗਵਾਈ ਹੇਠ ਉਪ ਮੰਡਲ ਸਿਵਲ ਅਧਿਕਾਰੀ ਹਿਮਾਂਸ਼ੂ ਗੁਪਤਾ, ਡੀਐੱਸਪੀ ਰਮਨਦੀਪ ਸਿੰਘ ਸਮੇਤ ਸਿਵਲ ਅਤੇ ਪੁਲੀਸ ਦੇ ਅਧਿਕਾਰੀ ਗੁਰਦੁਆਰਾ ਸਾਹਿਬ ਦੇ ਵਿਵਾਦ ਨੂੰ ਸੁਲਝਾਉਣ ਲਈ ਪਿੰਡ ਵਾਸੀਆਂ ਅਤੇ ਦੋਹਾਂ ਧੜਿਆਂ ਨਾਲ ਬੈਠਕਾਂ ਕਰਦੇ ਰਹੇ ਪਰ ਕੋਈ ਹੱਲ ਨਾ ਨਿਕਲਿਆ। ਅਧਿਕਾਰੀਆਂ ਨੇ ਸਾਰਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਧਿਆਨ ’ਚ ਲਿਆਂਦਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਵਿਵਾਦ ਵਾਲੀ ਜਗ੍ਹਾ ’ਤੇ ਧਾਰਾ 164 ਲਗਾ ਕੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਏ ਹਨ। ਪ੍ਰਸ਼ਾਸਨ ਨੇ ਧਰਮਕੋਟ ਦੇ ਨਾਇਬ ਤਹਿਸੀਲਦਾਰ ਅਜੇ ਕੁਮਾਰ ਨੂੰ ਸਾਰੇ ਪ੍ਰਬੰਧਾਂ ਲਈ ਰੀਸਿਵਰ ਨਿਯੁਕਤ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਬਾਹਰ ਪੁਲੀਸ ਤਾਇਨਾਤ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ਸੰਪਰਦਾ ਭਿੰਡਰਾਂ ਵਾਲਾ ਸਥਾਨ ਟਕਸਾਲ ਦਾ ਪਹਿਲਾ ਹੈਡਕੁਆਰਟਰ ਸੀ। ਉਪ ਮੰਡਲ ਸਿਵਲ ਅਧਿਕਾਰੀ ਹਿਮਾਂਸ਼ੂ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਿੰਨਾ ਚਿਰ ਦੋਹਾਂ ਧੜਿਆਂ ਵਿਚਾਲੇ ਆਪਸੀ ਸਹਿਮਤੀ ਨਹੀਂ ਬਣਦੀ ਉਸ ਸਮੇਂ ਤੱਕ ਪ੍ਰਬੰਧ ਸਰਕਾਰੀ ਹੱਥਾਂ ’ਚ ਰਹਿਣਗੇ।