ਪ੍ਰਸ਼ਾਸਨਿਕ ਤੇ ਮੁਕਾਬਲਿਆਂ ਦੇ ਇਮਤਿਹਾਨਾਂ ਦੀ ਤਿਆਰੀ ਲਈ ਸਿਖਲਾਈ ਕੇਂਦਰ ਸਥਾਪਤ
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੂਨ
ਪੀ.ਏ.ਯੂ. ਦੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿੱਚ ਅੱਜ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਅਤੇ ਮੁਕਾਬਲਿਆਂ ਦੇ ਇਮਤਿਹਾਨਾਂ ਦੀ ਤਿਆਰੀ ਲਈ ਵਿਸ਼ੇਸ਼ ਸਿਖਲਾਈ ਦੇਣ ਵਾਸਤੇ ਇਕ ਰਾਜ ਪੱਧਰੀ ਸਿਖਲਾਈ ਕੇਂਦਰ ਸਥਾਪਿਤ ਕੀਤਾ ਗਿਆ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ। ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਦੇਖ-ਰੇਖ ਵਿਚ ਸਥਾਪਿਤ ਹੋ ਰਹੇ ਇਸ ਕੇਂਦਰ ਦੇ ਸਥਾਪਤੀ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ ਸੰਧੂ ਮੌਜੂਦ ਰਹੇ। ਉਨ੍ਹਾਂ ਨਾਲ ਵਿਸ਼ੇਸ਼ ਬੁਲਾਰੇ ਵਜੋਂ ਉਮੇਸ਼ ਕੁਮਾਰ ਸ਼ਾਮਿਲ ਹੋਏ ਜਦਕਿ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਡਾ. ਮਨਜੀਤ ਸਿੰਘ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਣੀ।
ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਇਤਿਹਾਸ ਵਿਚ ਅੱਜ ਦਾ ਦਿਨ ਵਿਸ਼ੇਸ਼ ਮਹੱਤਵ ਵਾਲਾ ਹੈ। ਅੱਜ ਪ੍ਰਸ਼ਾਸਨਿਕ ਖੇਤਰ ਵਿਚ ਪੀ.ਏ.ਯੂ. ਦੀ ਸ਼ਾਨਦਾਰ ਰਵਾਇਤ ਨੂੰ ਆਉਣ ਵਾਲੀਆਂ ਪੀੜੀਆਂ ਲਈ ਬਕਾਇਦਾ ਤੌਰ ਤੇ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਹਮੇਸ਼ਾ ਵਿਦਿਆਰਥੀਆਂ ਦੀ ਚੋਣ ਦੇ ਉੱਚੇ ਮਿਆਰ ਲਾਗੂ ਕੀਤੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਸੇਵਾਵਾਂ ਦੇ ਖੇਤਰ ਵਿਚ ਜਾਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀ ਇਸ ਕੇਂਦਰ ਤੋਂ ਸਿਖਲਾਈ ਲੈ ਕੇ ਆਪਣੇ ਸੁਪਨੇ ਸਕਾਰ ਕਰਨ ਦੇ ਮੌਕੇ ਪੈਦਾ ਕਰ ਸਕਣਗੇ। ਪ੍ਰਿੰ. ਸੰਧੂ ਨੇ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ ਦੀ ਤਿਆਰੀ ਹਿਤ ਉਚੇਰੀਆਂ ਸੰਸਥਾਵਾਂ ਵਿਚ ਸਥਾਪਿਤ ਕੇਂਦਰਾਂ ਨੂੰ ਸਾਰਥਕ ਕੋਸ਼ਿਸ਼ ਕਿਹਾ। ਉਨ੍ਹਾਂ ਕਿਹਾ ਕਿ ਪੇਂਡੂ ਵਿਦਿਆਰਥੀਆਂ ਦੀ ਸੇਵਾ ਅਤੇ ਸਹਿਯੋਗ ਲਈ ਇਹ ਕੇਂਦਰ ਬੇਹੱਦ ਮਹੱਤਵਪੂਰਨ ਸਾਬਿਤ ਹੋਣਗੇ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਪ੍ਰਸ਼ਾਸਨਿਕ ਸੇਵਾਵਾਂ ਦੇ ਖੇਤਰ ਵਿਚ ਪੀ.ਏ.ਯੂ. ਦੀ ਅਮੀਰ ਪ੍ਰੰਪਰਾ ਉੱਪਰ ਝਾਤ ਪੁਆਈ। ਉਨ੍ਹਾਂ ਦੱਸਿਆ ਕਿ ਇਹ ਕੇਂਦਰ ਪੰਜਾਬ ਵਿਚ ਬਣਨ ਵਾਲੇ 8 ਕੇਂਦਰਾਂ ਵਿੱਚੋਂ ਮੋਗਾ ਅਤੇ ਲੁਧਿਆਣਾ ਖੇਤਰ ਦੇ ਕਾਲਜਾਂ ਦੇ ਵਿਦਿਆਰਥੀਆਂ ਲਈ ਸਥਾਪਿਤ ਕੀਤਾ ਗਿਆ ਹੈ। ਜਲਦ ਹੀ ਇਸਨੂੰ ਬਕਾਇਦਾ ਇਮਾਰਤ ਵਿਚ ਪਾਠਕ੍ਰਮ ਸਮੇਤ ਚਾਲੂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਇਸ ਕੇਂਦਰ ਦੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੀ ਘੋਸ਼ਣਾ ਕੀਤੀ। ਇਹਨਾਂ ਵਿਚ ਚੇਅਰਮੈਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ, ਨਿਰਦੇਸ਼ਕ ਉੱਚ ਸਿੱਖਿਆ, ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਪੀ.ਏ.ਯੂ. ਦੇ ਰਜਿਸਟਰਾਰ ਪ੍ਰਮੁੱਖ ਹਨ। ਮੈਂਬਰਾਂ ਦੇ ਤੌਰ ਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਡਾ. ਵਿਪਨ ਕੁਮਾਰ ਰਾਮਪਾਲ ਨਿਗਰਾਨ ਵਜੋਂ ਸ਼ਾਮਿਲ ਕੀਤੇ ਗਏ। ਬਾਕੀ ਮੈਂਬਰਾਂ ਵਿਚ ਡਾ. ਰੁਪਿੰਦਰ ਕੌਰ, ਡਾ. ਕਮਲਜੀਤ ਸਿੰਘ ਸੂਰੀ, ਡਾ. ਸੰਦੀਪ ਜੈਨ, ਡਾ. ਲਵਲੀਸ਼ ਗਰਗ, ਡਾ. ਸੁਰਭੀ ਮਹਾਜਨ, ਡਾ. ਸੰਗੀਤ ਰੰਗੂਵਾਲ, ਡਾ. ਅੰਨਾ ਗੋਇਲ, ਡਾ. ਦਿਵਿਆ ਉਪਰੇਜਾ, ਡਾ. ਸਪਨਾ ਠਾਕੁਰ, ਡਾ. ਮਨਮੋਹਨ ਢਕਾਲ ਅਤੇ ਡਾ. ਆਸ਼ੂ ਤੂਰ ਸ਼ਾਮਿਲ ਕੀਤੇ ਗਏ। ਕਮੇਟੀ ਦੇ ਸਕੱਤਰ ਡਾ. ਦਵਿੰਦਰ ਤਿਵਾੜੀ ਹੋਣਗੇ।
ਮੁੱਖ ਬੁਲਾਰੇ ਵਜੋਂ ਡਾ. ਉਮੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਸੇਵਾਵਾਂ ਦੀ ਤਿਆਰੀ ਔਖੀ ਨਹੀਂ ਬਲਕਿ ਧਿਆਨ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਡੇਰੇ ਇਮਤਿਹਾਨ ਦੀ ਤਿਆਰੀ ਕੀਤੀ ਜਾਵੇ ਤਾਂ ਹੇਠਲੇ ਕਈ ਇਮਤਿਹਾਨ ਪਾਸ ਕੀਤੇ ਜਾ ਸਕਦੇ ਹਨ। ਇਸ ਸਮਾਰੋਹ ਦਾ ਸੰਚਾਲਨ ਡਾ. ਸੁਰਭੀ ਮਹਾਜਨ ਨੇ ਕੀਤਾ। ਇਸ ਮੌਕੇ ਪ੍ਰਸ਼ਾਸਨਿਕ ਸੇਵਾਵਾਂ ਵਿਚ ਜਾਣ ਵਾਲੇ ਪੀ.ਏ.ਯੂ. ਦੇ ਵਿਦਿਆਰਥੀਆਂ ਪਰੀਸਦੀਪ ਔਲਖ ਅਤੇ ਸੌਰਵ ਦਾ ਸਨਮਾਨ ਵੀ ਕੀਤਾ ਗਿਆ। ਅੰਤ ਵਿਚ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਵਿਪਨ ਰਾਮਪਾਲ ਨੇ ਸਭ ਦਾ ਧੰਨਵਾਦ ਕੀਤਾ।