ਪ੍ਰਸ਼ਾਸਕ ਦੇ ਦਫ਼ਤਰ ਵੱਲ ਜਾਂਦੇ ਸਨਅਤਕਾਰ ਪੁਲੀਸ ਨੇ ਰੋਕੇ
ਮੁਕੇਸ਼ ਕੁਮਾਰ
ਚੰਡੀਗੜ੍ਹ, 13 ਸਤੰਬਰ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਦਯੋਗਿਕ ਇਕਾਈਆਂ ਦੀਆਂ ਇਮਾਰਤਾਂ ਵਿੱਚ ਕੀਤੀਆਂ ਤਬਦੀਲੀਆਂ ਤੇ ਦੁਰਵਰਤੋਂ ਖ਼ਿਲਾਫ਼ ਭੇਜੇ ਨੋਟਿਸਾਂ ਵਿਰੁੱਧ ਸ਼ਹਿਰ ਦੇ ਸਨਅਤਕਾਰਾਂ ਤੇ ਵਪਾਰੀਆਂ ਨੇ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਪ੍ਰਦਰਸ਼ਨ ਕੀਤਾ। ਸਨਅਤਕਾਰਾਂ ਨੇ ਆਪਣੀਆਂ ਮੰਗਾਂ ਸਬੰਧ ਅੱਜ ਦੂਜੇ ਦਿਨ ਵੀ ਸਨਅਤੀ ਖੇਤਰ ਫੇਜ਼ 2 ਵਿੱਚ ਮੁਕੰਮਲ ਬੰਦ ਰੱਖਿਆ ਤੇ ਪ੍ਰਦਰਸ਼ਨ ਕੀਤਾ। ਇਸ ਵਿੱਚ ਸ਼ਾਮਲ ਸਨਅਤਕਾਰਾਂ ਤੇ ਕਾਰੋਬਾਰੀਆਂ ਨੇ ਨਿਰਧਾਰਤ ਸਮੇਂ ਅਨੁਸਾਰ ਪ੍ਰਸ਼ਾਸਕ ਦੇ ਦਫ਼ਤਰ ਜਾਣਾ ਸੀ ਪਰ ਪੁਲੀਸ ਪ੍ਰਸ਼ਾਸਨ ਨੇ ਜਲ ਤੋਪਾਂ, ਬੈਰੀਕੇਡਾਂ ਸਣੇ ਉਨ੍ਹਾਂ ਨੂੰ ਟ੍ਰਿਬਿਊਨ ਚੌਕ ਤੋਂ ਅੱਗੇ ਨਹੀਂ ਜਾਣ ਦਿੱਤਾ।
ਸਨਅਤਕਾਰਾਂ ਦੇ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਵੀ ਵਪਾਰੀਆਂ ਦੇ ਹੱਕ ਵਿੱਚ ਨਿਤਰੇ ਤੇ ਸਨਅਤਕਾਰਾਂ ਤੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਵਾਅਦਾ ਕੀਤਾ।
ਉਧਰ, ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸਵੇਰੇ ਬਾਹਰ ਹੋਣ ਕਾਰਨ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਸਿੰਘ ਭੱਟੀ ਨੇ ਪ੍ਰਦਰਸ਼ਨ ਕਰ ਰਹੇ ਸਨਅਤਕਾਰਾਂ ਤੇ ਵਪਾਰੀਆਂ ਨੂੰ ਆਪਣਾ ਮੰਗ ਪੱਤਰ ਸੌਂਪਣ ਲਈ ਗਵਰਨਰ ਹਾਊਸ ਵੱਲ ਨਾ ਵਧਣ ਦੀ ਅਪੀਲ ਕੀਤੀ। ਪਰ ਧਰਨਾਕਾਰੀ ਵਪਾਰੀ ਇਸ ਗੱਲ ’ਤੇ ਅੜੇ ਰਹੇ ਉਨ੍ਹਾਂ ਨੂੰ ਭੇਜੇ ਨੋਟਿਸ ਤੁਰੰਤ ਪ੍ਰਭਾਵ ਨਾਲ ਵਾਪਸ ਲਏ ਜਾਣ। ਸ੍ਰੀ ਭੱਟੀ ਨੇ ਵਪਾਰੀਆਂ ਨੂੰ ਭਲਕੇ ਹਰ ਹਾਲਤ ਵਿਚ ਰਾਜਪਾਲ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਭਰੋਸੇ ਤੋਂ ਬਾਅਦ ਵਪਾਰਕ ਏਕਤਾ ਮੰਚ ਨੇ ਫ਼ੈਸਲਾ ਕੀਤਾ ਕਿ ਭਲਕੇ ਮੀਟਿੰਗ ਦੀ ਸਮਾਪਤੀ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।