For the best experience, open
https://m.punjabitribuneonline.com
on your mobile browser.
Advertisement

ਪ੍ਰਸ਼ਨ ਕਾਲ: ਗੰਭੀਰ ਬਿਮਾਰੀਆਂ ਤੋਂ ਪੀੜਤਾਂ ਨੂੰ ਰਾਸ਼ਨ ਕਾਰਡ ਬਣਾਉਣ ਦੀਆਂ ਸ਼ਰਤਾਂ ’ਚ ਛੋਟ ਦੇਵੇਗੀ ਸਰਕਾਰ

08:16 AM Nov 30, 2023 IST
ਪ੍ਰਸ਼ਨ ਕਾਲ  ਗੰਭੀਰ ਬਿਮਾਰੀਆਂ ਤੋਂ ਪੀੜਤਾਂ ਨੂੰ ਰਾਸ਼ਨ ਕਾਰਡ ਬਣਾਉਣ ਦੀਆਂ ਸ਼ਰਤਾਂ ’ਚ ਛੋਟ ਦੇਵੇਗੀ ਸਰਕਾਰ
ਵਿਧਾਨ ਸਭਾ ਸੈਸ਼ਨ ’ਚ ਸ਼ਾਮਲ ਹੋਣ ਲਈ ਪੁੱਜਦੇ ਹੋਏ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਨਵੰਬਰ
ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਆਖ਼ਰੀ ਦਿਨ ਅੱਜ ਪ੍ਰਸ਼ਨ ਕਾਲ ਦੌਰਾਨ ਰਾਸ਼ਨ ਕਾਰਡ ਤੇ ਓਟ ਕਲੀਨਿਕਾਂ ਸਣੇ ਵੱਖ-ਵੱਖ ਮਾਮਲਿਆਂ ’ਤੇ ਚਰਚਾ ਹੋਈ। ਇਸ ਦੌਰਾਨ ‘ਸਕੂਲ ਆਫ ਐਮੀਨੈਂਸ’ ਦਾ ਮੁੱਦਾ ਵੀ ਗੂੰਜਿਆ। ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਵੱਲੋਂ ਰਾਸ਼ਨ ਕਾਰਡਾਂ ਦੀ ਪੜਤਾਲ ’ਚ ਪੱਖਪਾਤੀ ਨਜ਼ਰੀਏ ਬਾਰੇ ਸੁਆਲ ਦੇ ਜਵਾਬ ’ਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਰਾਸ਼ਨ ਕਾਰਡ ਬਣਾਏ ਜਾਣ ਦੀ ਸ਼ਰਤਾਂ ਵਿੱਚ ਛੋਟ ਦਿੱਤੀ ਜਾਵੇਗੀ। ਐੱਚਆਈਵੀ ਅਤੇ ਕੈਂਸਰ ਪੀੜਤ ਪਰਿਵਾਰਾਂ ਨੂੰ ਸਮਾਜਿਕ ਆਧਾਰ ’ਤੇ ਆਟਾ ਦਾਲ ਸਕੀਮ ਦਾ ਲਾਭ ਦਿੱਤੇ ਜਾਣ ਦੀ ਯੋਜਨਾ ਹੈ।

Advertisement

ੈਸ਼ਨ ਤੋਂ ਬਾਅਦ ਬਾਹਰ ਆਉਂਦੇ ਹੋਏ ‘ਆਪ’ ਵਿਧਾਇਕਾ ਅਮਨਦੀਪ ਕੌਰ ਅਰੋੜਾ। -ਫੋਟੋਆਂ: ਵਿੱਕੀ ਘਾਰੂ

ਸੰਦੀਪ ਜਾਖੜ ਨੇ ਅਬੋਹਰ ਹਲਕੇ ਵਿੱਚ ਗੱਡੀ, ਏਸੀ ਤੇ ਸਰਕਾਰੀ ਨੌਕਰੀ ਵਾਲੇ ਇੱਕ ‘ਆਪ’ ਆਗੂ ਦੇ ਰਾਸ਼ਨ ਕਾਰਡ ਨੂੰ ਜਾਇਜ਼ ਠਹਿਰਾਉਣ ਅਤੇ ਇੱਕ ਗ਼ਰੀਬ ਪਰਿਵਾਰ ਦਾ ਰਾਸ਼ਨ ਕਾਰਡ ਕੱਟਣ ਦਾ ਮੁੱਦਾ ਉਠਾਇਆ ਸੀ। ਕਟਾਰੂਚੱਕ ਨੇ ਕਿਹਾ ਕਿ ਪੜਤਾਲ ਬਿਨਾਂ ਕਿਸੇ ਸਿਆਸੀ ਪੱਖਪਾਤ ਤੋਂ ਕੀਤੀ ਗਈ ਹੈ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ‘‘ਓਟ ਕਲੀਨਿਕਾਂ’’ ਦੀ ਸਫਲਤਾ ਦਰ ’ਤੇ ਸਵਾਲ ਚੁੱਕਣ ਦੇ ਜਵਾਬ ’ਚ ਆਖਿਆ, ‘‘ਸੂਬੇ ਵਿੱਚ 529 ਓਟ ਸੈਂਟਰ ਹਨ ਜਿਨ੍ਹਾਂ ’ਚ 9.43 ਲੱਖ ਮਰੀਜ਼ ਰਜਿਸਟਰਡ ਹੋਏ ਹਨ।’’ ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ’ਚ ਮਾਨਸਿਕ ਰੋਗਾਂ ਦੇ ਮਾਹਿਰਾਂ ਦੀ ਵੱਡੀ ਕਮੀ ਹੈ ਜਿਸ ਦੀ ਪੂਰਤੀ ਲਈ ਸਰਕਾਰ ਜੁਟੀ ਹੋਈ ਹੈ ਅਤੇ ਮਾਨਸਿਕ ਸਿਹਤ ਨੀਤੀ ’ਚ ਵੀ ਬਦਲਾਅ ਕੀਤੇ ਜਾ ਰਹੇ ਹਨ। ਪ੍ਰਸ਼ਨ ਕਾਲ ਦੌਰਾਨ ‘ਸਕੂਲ ਆਫ਼ ਐਮੀਨੈਂਸ’ ਦੀ ਵੀ ਗੂੰਜ ਪਈ। ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੁੱਛੇ ਸੁਆਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ 20 ਹਜ਼ਾਰ ਖਸਤਾ ਹਾਲ ਸਕੂਲ ਵਿਰਸੇ ਵਿਚ ਮਿਲੇ ਹਨ ਅਤੇ ਉਹ 31 ਮਾਰਚ 2024 ਤੱਕ ਇਨ੍ਹਾਂ ਸਕੂਲਾਂ ਦੀ ਕਾਇਆਕਲਪ ਕਰਨਗੇ। ਬੈਂਸ ਨੇ ਪੇਸ਼ਕਸ਼ ਕੀਤੀ ਕਿ ਪੰਜਾਬ ਵਿਧਾਨ ਸਭਾ ਦੀ ਕਮੇਟੀ ਬਣਾ ਕੇ ਮੈਂਬਰ ਵਜੋਂ ਰਾਜਾ ਵੜਿੰਗ ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਇਸ ਕਮੇਟੀ ਨੂੰ ਉਹ ‘ਸਕੂਲ ਆਫ਼ ਐਮੀਨੈਂਸ’ ਦਿਖਾਉਣਗੇ।
ਵੜਿੰਗ ਨੇ ‘ਸਕੂਲ ਆਫ਼ ਐਮੀਨੈਂਸ’ ਨੂੰ ਆਡੰਬਰ ਆਖਿਆ ਜਦਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖਣਨ ਅਤੇ ‘ਸਕੂਲ ਆਫ਼ ਐਮੀਨੈਂਸ’ ਦੋਵੇਂ ਮਾਮਲਿਆਂ ’ਤੇ ਦੋ ਹਾਊਸ ਕਮੇਟੀਆਂ ਬਣਾਉਣ ਦੀ ਗੱਲ ਆਖੀ। ਪ੍ਰਸ਼ਨ ਕਾਲ ’ਚ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਪ੍ਰਾਈਵੇਟ ਸਕੂਲਾਂ ’ਚ ਬੱਚਿਆਂ ਦੇ ਦਾਖ਼ਲੇ ’ਚ ਰਾਖਵੇਂਕਰਨ ਦੀ ਨੀਤੀ ਬਾਰੇ ਸਵਾਲ ਕੀਤਾ। ਇਸ ਦੇ ਜਵਾਬ ’ਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ 31 ਮਾਰਚ 2024 ਤੱਕ ਪੰਜਾਬ ਦਾ ਕੋਈ ਸਕੂਲ ਬਿਨਾਂ ਅਧਿਆਪਕਾਂ ਜਾਂ ਇੱਕ ਅਧਿਆਪਕ ਵਾਲਾ ਸਕੂਲ ਨਹੀਂ ਰਹੇਗਾ। ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਰੋਪੜ ਵਿੱਚ ਜਲ ਸਰੋਤ ਵਿਭਾਗ ਦੇ ਖੰਡਰ ਬਣੇ ਘਰਾਂ ਬਾਰੇ ਸਵਾਲ ਕੀਤਾ।

Advertisement

ਭੇਡਾਂ ਬੱਕਰੀਆਂ ਦੀ ਭਲਾਈ ਲਈ ਕੋਈ ਤਜਵੀਜ਼ ਨਹੀਂ: ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ‘ਗਡਰੀਆ ਸਮਾਜ’ ਅਤੇ ਇਸ ਕਬੀਲੇ ਦੀਆਂ ਭੇਡਾਂ ਬੱਕਰੀਆਂ ਦੀ ਭਲਾਈ ਲਈ ਕੋਈ ਨੀਤੀ ਵਿਚਾਰ ਅਧੀਨ ਨਹੀਂ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਰਾਜਸਥਾਨ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ ਤਰਜ਼ ’ਤੇ ਇਸ ਕਬੀਲੇ ਦੇ ਜਾਨਵਰਾਂ ਦੀ ਭਲਾਈ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਨਹਿਰਾਂ ਦੀ ਜਾਂਚ ਕਰਾਈ ਜਾਵੇਗੀ: ਜੌੜਾਮਾਜਰਾ

ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਹਲਕਾ ਨਕੋਦਰ ’ਚ ਬਣੀਆਂ ਨਹਿਰਾਂ ਦੇ ਘਟੀਆਂ ਮੈਟੀਰੀਅਲ ਦਾ ਮਸਲਾ ਚੁੱਕਿਆ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ, ਜਿਸ ਦੇ ਜਵਾਬ ’ਚ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਭਰੋਸਾ ਦਿਵਾਇਆ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਸਰਕਾਰ ਇਸ ਦੀ ਜਾਂਚ ਕਰਾਏਗੀ ਅਤੇ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਵਿਧਾਇਕ ਹਰਦੇਵ ਸਿੰਘ ਲਾਡੀ ਨੇ ਵੀ ਨਹਿਰਾਂ ਦੀ ਮੁਰੰਮਤ ’ਤੇ ਉਂਗਲ ਉਠਾਈ।

ਬਾਜਵਾ ਤੇ ਸਿਹਤ ਮੰਤਰੀ ਵਿਚਾਲੇ ਨੋਕ-ਝੋਕ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵਿਚਾਲੇ ਅੱਜ ਮੈਡੀਕਲ ਕਾਲਜਾਂ ਦੇ ਮੁੱਦੇ ’ਤੇ ਮਿੱਠੀ ਨੋਕ ਝੋਕ ਹੋਈ। ਸਿਹਤ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਗੁਰਦਾਸਪੁਰ ਵਿੱਚ ਕੋਈ ਮੈਡੀਕਲ ਕਾਲਜ ਖੋਲ੍ਹਣ ਦੀ ਯੋਜਨਾ ਨਹੀਂ ਅਤੇ ਜੋ 16 ਨਵੇਂ ਮੈਡੀਕਲ ਕਾਲਜ ਬਣਨੇ ਹਨ, ਉਦੋਂ ਇੱਕ ਕਾਲਜ ਗੁਰਦਾਸਪੁਰ ਵਿੱਚ ਵੀ ਖੋਲ੍ਹਿਆ ਜਾਵੇਗਾ। ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਕਾਦੀਆਂ ਹਲਕੇ ’ਚ 9 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਉਹ ਖ਼ੁਦ ਬਾਜਵਾ ਨੂੰ ਨਾਲ ਲਿਜਾ ਕੇ ਕਲੀਨਿਕ ਦਿਖਾਉਣਗੇ।

Advertisement
Author Image

joginder kumar

View all posts

Advertisement