ਪ੍ਰਭ ਆਸਰਾ ਨੇ ਤਿੰਨ ਹੋਰ ਲਾਵਾਰਸਾਂ ਨੂੰ ਢੋਈ ਦਿੱਤੀ
ਮਿਹਰ ਸਿੰਘ
ਕੁਰਾਲੀ, 21 ਮਈ
ਸ਼ਹਿਰ ਦੀ ਹੱਦ ਅੰਦਰ ਪਿੰਡ ਪਡਿਆਲਾ ਵਿੱਚ ਲਾਵਾਰਸ, ਮੰਦਬੁੱਧੀ ਤੇ ਅਪਾਹਜ਼ਾਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਨੇ ਤਿੰਨ ਹੋਰ ਲਾਵਾਰਸਾਂ ਨੂੰ ਸ਼ਰਨ ਦਿੱਤੀ ਹੈ। ਇਨ੍ਹਾਂ ਦੀ ਸੰਭਾਲ ਕੀਤੀ ਜਾ ਰਹੀ ਹੈ।
ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ 33 ਕੁ ਸਾਲ ਦੀ ਅੰਜੂ ਨਾਮਕ ਮਹਿਲਾ ਕਈ ਦਿਨਾਂ ਤੋਂ ਡੇਰਾਬੱਸੀ ਦੀਆਂ ਸੜਕਾਂ ’ਤੇ ਰੁਲ ਰਹੀ ਸੀ। ਪਹਿਲਾਂ ਨੂੰ ਇਸ ਨੂੰ ਸਿਵਲ ਹਸਪਤਾਲ ਡੇਰਾਬਸੀ ਦਾਖ਼ਲ ਕਰਵਾਇਆ ਗਿਆ ਅਤੇ ਫਿਰ ਹਸਪਤਾਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਉਸ ਨੂੰ ਪ੍ਰਭ ਆਸਰਾ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਹਰਪ੍ਰੀਤ ਸਿੰਘ (35) ਨੂੰ ਪੁਲੀਸ ਚੌਕੀ, ਬਿਲਾਸਪੁਰ ਵੱਲੋਂ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ। ਹਰਪ੍ਰੀਤ ਸਿੰਘ ਪਿੰਡ ਬਿਲਾਸਪੁਰ ਦੇ ਗੁਰੂਘਰ ਵਿੱਚ ਰਹਿੰਦਾ ਸੀ। ਉਸ ਦਾ ਇੱਕ ਪੱਟ ਟੁੱਟਿਆ ਹੋਇਆ ਹੈ। ਪੁਲੀਸ ਅਨੁਸਾਰ ਮਾਤਾ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦੀ ਦੇਖ-ਭਾਲ ਵਾਲਾ ਕੋਈ ਨਹੀਂ ਸੀ ਅਤੇ ਹੁਣ ਉਸ ਨੂੰ ਪ੍ਰਭ ਆਸਰਾ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਇੱਕ ਸੜਕ ਹਾਦਸੇ ਵਿੱਚ ਅਪਾਹਜ਼ ਹੋਏ ਹਰਕ੍ਰਿਸ਼ਨ ਸਿੰਘ ਜੋ ਦੀ ਹਾਲਤ ਖਰਾਬ ਤੇ ਦੇਖਭਾਲ ਨਾ ਕਰਨ ਵਾਲਾ ਹੋਣ ਕਾਰਨ ਉਸ ਨੂੰ ਵੀ ਪ੍ਰਭ ਆਸਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਸ਼ਮਸ਼ੇਰ ਸਿੰਘ ਤੇ ਰਜਿੰਦਰ ਕੌਰ ਨੇ ਸੰਸਥਾ ਵਿੱਚ ਪੁੱਜੇ ਲਾਵਾਰਸਾਂ ਦੀ ਪਛਾਣ ਕਰਨ ਵਾਲਿਆਂ ਨੂੰ ਸੰਸਥਾ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਪੁੱਜੇ ਲਾਵਾਰਸਾਂ ਦੀ ਸੰਭਾਲ ਅਤੇ ਇਲਾਜ ਸ਼ੁਰੂ ਕਰ ਦਿੱਤਾ ਹੈ।