ਪ੍ਰਧਾਨ ਮੰਤਰੀ ਸਿਰਫ਼ ਬਿਆਨਬਾਜ਼ੀ ਕਰਦੇ ਨੇ: ਭਗਵੰਤ ਮਾਨ
ਟ੍ਰਿਬਿਊਨ ਿਨਊਜ਼ ਸਰਵਿਸ
ਬਸਤਰ, 16 ਸਤੰਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿਚਰਵਾਰ ਨੂੰ ਛੱਤੀਸਗੜ੍ਹ ਦੇ ਬਸਤਰ ’ਚ ਰੈਲੀ ਕਰਕੇ ਆਪਣੀਆਂ ਸਰਕਾਰਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਗਿਣਵਾਇਆ ਤੇ ਲੋਕਾਂ ਨੂੰ ਆਉਂਦੀਆਂ ਚੋਣਾਂ ’ਚ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਸਿਰਫ਼ ਬਿਆਨਬਾਜ਼ੀ ਕਰਦੇ ਹਨ ਤੇ ਦੇਸ਼ ਦੀ ਜਨਤਾ ਨਾਲ ਝੂਠ ਬੋਲਦੇ ਹਨ। ਉਨ੍ਹਾਂ ਕਿਹਾ,‘‘ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਉਹ ਚਾਹ ਬਣਾਉਣਾ ਵੀ ਜਾਣਦੇ ਹਨ ਜਾਂ ਨਹੀਂ।’’ ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਆਗੂ ਭਾਜਪਾ ਵਾਂਗ ‘ਜੁਮਲੇਬਾਜ਼ੀ’ ਨਹੀਂ ਕਰਦੇ ਹਨ ਅਤੇ ਉਹ ਜਿਸ ਚੀਜ਼ ਦੀ ਗਾਰੰਟੀ ਦਿੰਦੇ ਹਨ ਉਸ ਨੂੰ ਪੂਰਾ ਕਰਕੇ ਰਹਿੰਦੇ ਹਨ। ਅਸੀਂ ਦਿੱਲੀ ਅਤੇ ਪੰਜਾਬ ਵਿੱਚ ਕੰਮ ਕੀਤਾ ਹੈ। ਸ੍ਰੀ ਮਾਨ ਨੇ ਛੱਤੀਸਗੜ੍ਹ ਦੀਆਂ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਕਿਹਾ ਕਿ ਸੂਬੇ ਦਾ ਪੈਸਾ ਕੁਝ ਸਿਆਸੀ ਪਾਰਟੀਆਂ ਨੇ ਲੁੱਟਿਆ ਹੈ। ਇਨ੍ਹਾਂ ਲੋਕਾਂ ਨੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਖਾਲ੍ਹੀ ਕਰ ਦਿੱਤਾ ਹੈ ਪਰ ‘ਆਪ’ ਖਜ਼ਾਨੇ ਨੂੰ ਭਰ ਕੇ ਰਹੇਗੀ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਸ਼ਮੀਰ ’ਚ ਜਵਾਨ ਸ਼ਹੀਦ ਹੋ ਰਹੇ ਸਨ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਭਾਜਪਾ ਦਫ਼ਤਰ ’ਚ ਜਸ਼ਨ ਮਨਾ ਰਹੇ ਸਨ। ਇਸ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਦੇ ਨਾਲ-ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮੋਦੀ ਨੂੰ ਦੇਸ਼ ਦੇ ਜਵਾਨਾਂ ਦੀ ਸ਼ਹਾਦਤ ਦਾ ਕੋਈ ਦੁੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ 28 ਪਾਰਟੀਆਂ ਨੇ ‘ਇੰਡੀਆ’ ਗੱਠਜੋੜ ਦਾ ਗਠਨ ਕੀਤਾ ਹੈ, ਉਦੋਂ ਤੋਂ ਭਾਜਪਾ ਵਾਲੇ ਦੇਸ਼ ਦਾ ਨਾਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਅਜਿਹੀਆਂ ਹਰਕਤਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਛੱਤੀਸਗੜ੍ਹ ਦੇ ਲੋਕਾਂ ਨੂੰ ਗਾਰੰਟੀਆਂ ਵੀ ਦਿੱਤੀਆਂ ਅਤੇ ਕਿਹਾ ਕਿ ਜੇ ‘ਆਪ’ ਦੀ ਸੂਬੇ ’ਚ ਸਰਕਾਰ ਬਣੀ ਤਾਂ ਇਹ ਗਾਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ।