ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ: ਸਿੱਬਲ
ਨਵੀਂ ਦਿੱਲੀ, 11 ਮਈ
ਭਾਰਤ ਤੇ ਪਾਕਿਸਤਾਨ ਵਿਚਾਲੇ ਫੌਜੀ ਕਾਰਵਾਈ ਰੋਕਣ ’ਤੇ ਸਹਿਮਤੀ ਬਣਨ ਮਗਰੋਂ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਸਰਬ ਪਾਰਟੀ ਮੀਟਿੰਗ ਸੱਦੇ ਜਾਣ ਦੀ ਮੰਗ ਕੀਤੀ ਪਰ ਨਾਲ ਹੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ’ਚ ਸ਼ਾਮਲ ਹੋਣ ਲਈ ਉਦੋਂ ਹੀ ਸਹਿਮਤ ਹੋਣ ਜਦੋਂ ਤੱਕ ਸਰਕਾਰ ਇਹ ਭਰੋਸਾ ਨਹੀਂ ਦਿੰਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ’ਚ ਮੌਜੂਦ ਰਹਿਣਗੇ। ਸਿੱਬਲ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜੇ ਅੱਜ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਤਾਂ ਉਹ ਸਰਬ ਪਾਰਟੀ ਮੀਟਿੰਗ ’ਚ ਹਾਜ਼ਰ ਹੁੰਦੇ ਤੇ ਵਿਸ਼ੇਸ਼ ਸੈਸ਼ਨ ਵੀ ਸੱਦਿਆ ਜਾਂਦਾ। ਸਿੱਬਲ ਨੇ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੋਸ਼ਲ ਮੀਡੀਆ ਪੋਸਟ ਦਾ ਜ਼ਿਕਰ ਕੀਤਾ। ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮਾਣ ਹੈ ਕਿ ਅਮਰੀਕਾ ਇਸ ਇਤਿਹਾਸਕ ਤੇ ਦਲੇਰਾਨਾ ਫ਼ੈਸਲੇ ਤੱਕ ਪਹੁੰਚਣ ’ਚ ਮਦਦ ਕਰ ਸਕਿਆ। ਸਿੱਬਲ ਨੇ ਕਿਹਾ, ‘ਇਸ ਟਵੀਟ ’ਤੇ ਵੀ ਕਈ ਸਵਾਲ ਉੱਠਣਗੇ। (ਅਮਰੀਕਾ ਦੇ) ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਪਿਛਲੇ 48 ਘੰਟਿਆਂ ਤੋਂ ਗੱਲਬਾਤ ਜਾਰੀ ਸੀ। ਕੀ ਹੋਇਆ, ਕਿਵੇਂ ਹੋਇਆ ਤੇ ਕਿਉਂ ਹੋਇਆ, ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।’ -ਪੀਟੀਆਈ