ਪ੍ਰਦੂਸ਼ਣ ਮਾਮਲੇ: ਕੈਮੀਕਲ ਫੈਕਟਰੀ ਦੀ ਮੈਨੇਜਮੈਂਟ ਨੇ ਜਹਾਂਗੀਰ ਦੀ ਪੰਚਾਇਤ ਨੂੰ ਲਿਖਤੀ ਜਵਾਬ ਭੇਜਿਆ
ਬੀਰਬਲ ਰਿਸ਼ੀ
ਸ਼ੇਰਪੁਰ/ਧੂਰੀ, 5 ਜਨਵਰੀ
ਇਸ ਖੇਤਰ ਦੀ ਇੱਕ ਫੈਕਟਰੀ ’ਤੇ ਉਠਾਏ ਸਵਾਲਾਂ ਸਬੰਧੀ ਫੈਕਟਰੀ ਮੈਨੇਜਮੈਂਟ ਨੇ ਪਿੰਡ ਜਹਾਂਗੀਰ ਦੀ ਪੰਚਾਇਤ ਨੂੰ ਲਿਖਤੀ ਜਵਾਬ ਭੇਜਿਆ ਹੈ ਅਤੇ ਹੁਣ ਪੰਚਾਇਤ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਅਗਲਾ ਫੈਸਲਾ ਲੈਣ ਦੇ ਰੌਂਅ ’ਚ ਹੈ। ਯਾਦ ਰਹੇ ਕਿ ਲੰਘੀ 29 ਦਸੰਬਰ ਨੂੰ ਉਕਤ ਪਿੰਡ ਦੀ ਪੰਚਾਇਤ, ਨੰਬਰਦਾਰਾਂ ਤੇ ਹੋਰ ਮੋਹਤਵਰਾਂ ਨੇ ਖੇਤਰ ਦੀ ਇੱਕ ਫੈਕਟਰੀ ’ਤੇ ਕੈਮੀਕਲ ਵਾਲਾ ਪਾਣੀ ਧਰਤੀ ’ਚ ਪਾਉਣ ਸਮੇਤ ਕੁੱਝ ਹੋਰ ਚੁੱਕੇ ਸੁਆਲਾਂ ਸਬੰਧੀ ਪੱਤਰ ਲਿਖ ਕੇ ਇਸ ਦਾ ਇੱਕ ਹਫ਼ਤੇ ਅੰਦਰ ਜਵਾਬ ਮੰਗਿਆ ਸੀ।
ਪਿੰਡ ਦੀ ਸਰਪੰਚ ਬੀਬੀ ਰੁਪਿੰਦਰ ਕੌਰ ਦੇ ਪੁੱਤਰ ਮਨਪ੍ਰੀਤ ਸ਼ਰਮਾ ਨੇ ਪੰਚਾਇਤ ਨੂੰ ਜਵਾਬ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਕਰੀਬਨ ਚਾਰ ਪੰਜ ਪੰਨਿਆਂ ਦਾ ਜਵਾਬ ਆਇਆ ਹੈ, ਜੋ ਕਿ ਅੰਗਰੇਜ਼ੀ ਭਾਸ਼ਾ ਵਿੱਚ ਹੈ। ਇਸ ਦਾ ਅਨੁਵਾਦ ਕਰ ਕੇ ਸਮੂਹ ਪੰਚਾਇਤੀ ਨੁੰਮਾਇੰਦਿਆਂ ਤੇ ਪਿੰਡ ਵਾਸੀਆਂ ਨੂੰ ਪੜ੍ਹ ਕੇ ਸੁਣਾਇਆ ਜਾਵੇਗਾ ਅਤੇ ਉਸ ਮਗਰੋਂ ਪਿੰਡ ਵਾਸੀਆਂ ਨਾਲ ਮਸ਼ਵਰੇ ਨਾਲ ਹੀ ਅਗਲਾ ਸਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫੈਕਟਰੀ ਮੈਨੇਜਮੈਂਟ ਨੇ ਭੇਜੇ ਪੱਤਰ ਵਿੱਚ ਹਰ ਪੱਖ ਤੋਂ ਸਹੀ ਹੋਣ ਦਾ ਦਾਅਵਾ ਕੀਤਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਇਲਾਕੇ ਦੇ ਪਿੰਡ ਵਿੱਚ ਕਈ ਵਾਰ ਇੱਕ ਖਾਸ ਤਰ੍ਹਾਂ ਦੀ ਬੁਦਬੂ, ਇਲਾਕੇ ਦੇ ਕੁੱਝ ਬੋਰਾਂ ਵਿੱਚੋਂ ਕਾਲਾ ਪਾਣੀ (ਸੁਆਹ ਵਾਲਾ) ਪਾਣੀ ਨਿੱਕਲਣ ਮਗਰੋਂ ਸਬੰਧਤ ਫੈਕਟਰੀ ’ਤੇ ਲੋਕ ਉਂਗਲ ਚੁੱਕਣ ਲੱਗੇ ਸਨ ਅਤੇ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਮੌਕੇ ਨਵੀਂ ਪੰਚਾਇਤ ਸਮੂਹ ਮੈਂਬਰਾਂ ਤੋਂ ਭਰੋਸਾ ਲਿਆ ਸੀ ਕਿ ਉਹ ਹਵਾ, ਪਾਣੀ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਆਪਣੀ ਆਵਾਜ਼ ਬੁਲੰਦ ਕਰਨਗੇ।