ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਦੂਸ਼ਣ ਨੇ ਦਿੱਲੀ ਦਾ ਸਾਹ ਘੁੱਟਿਆ

07:48 AM Nov 04, 2023 IST
ਨਵੀਂ ਦਿੱਲੀ ’ਚ ਪ੍ਰਦੂਸ਼ਣ ਕਾਰਨ ਦਿਨ ਸਮੇਂ ਲਾਈਟਾਂ ਜਗਾ ਕੇ ਜਾਂਦੇ ਹੋਏ ਵਾਹਨ ਚਾਲਕ। -ਫੋਟੋ: ਪੀਟੀਆਈ

* ਹਵਾ ਗੁਣਵੱਤਾ ਇੰਡੈਕਸ ਡਿੱਗਣ ਦੇ ਰੁਝਾਨ ਕਰਕੇ ਇਕ ਦੋ ਦਿਨ ਉਡੀਕ ਕਰਨ ਦਾ ਫੈਸਲਾ

* ਉਪ ਰਾਜਪਾਲ ਵੱਲੋਂ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਦੀ ਅਪੀਲ

ਨਵੀਂ ਦਿੱਲੀ, 3 ਨਵੰਬਰ
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਅੱਜ ‘ਬੇਹੱਦ ਗੰਭੀਰ’ ਸ਼੍ਰੇਣੀ ਵਿੱਚ ਪੁੱਜ ਗਈ। ਕੇਂਦਰ ਸਰਕਾਰ ਨੇ ਹਾਲਾਂਕਿ ਹਵਾ ਪ੍ਰਦੂਸ਼ਣ ਕਾਬੂ ਹੇਠ ਰੱਖਣ ਦੀ ਯੋਜਨਾ ਹੇਠ ਸੀਏਕਿਊਐੱਮ ਵੱਲੋਂ ਵਿੱਢੇ ਸਖ਼ਤ ਉਪਰਾਲੇ ਲਾਗੂ ਕਰਨ ਦੇ ਅਮਲ ਨੂੰ ਮੁਲਤਵੀ ਕਰ ਦਿੱਤਾ। ਕੇਂਦਰ ਨੇ ਕਿਹਾ ਕਿ ਖਿੱਤੇ ਵਿੱਚ ਹਵਾ ਗੁਣਵੱਤਾ ਇੰਡੈਕਸ (ਏਕਿਊਆਈ) ਵਿੱਚ ਪਹਿਲਾਂ ਹੀ ਨਿਘਾਰ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਉਂਜ ਕੌਮੀ ਰਾਜਧਾਨੀ ਵਿੱਚ ਗਰੇਡਿਡ ਰਿਸਪੌਂਸ ਐਕਸ਼ਨ ਪਲਾਨ (ਗਰੈਪ) ਸਟੇਜ 3 ਤਹਤਿ ਉਸਾਰੀ ਜਾਂ ਢਾਹੁਣ ਨਾਲ ਜੁੜੀਆਂ ਸਰਗਰਮੀਆਂ ’ਤੇ ਮੁਕੰਮਲ ਰੋਕ ਜਾਰੀ ਹੈ। ਦਿੱਲੀ ਸਰਕਾਰ ਸਾਰੇ ਪ੍ਰਾਇਮਰੀ ਸਕੂਲ ਦੋ ਦਿਨ ਬੰਦ ਰੱਖਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। ਦਿੱਲੀ ਸਰਕਾਰ ਵੱਲੋਂ ਐਂਟੀ ਸਮੌਗ ਗੰਨਜ਼ ਦੀ ਤਾਇਨਾਤੀ ਤੇ ‘ਰੈੱਡ ਲਾਈਟ ਆਨ, ਗਾਡੀ ਔਫ’ ਮੁਹਿੰਮਾਂ ਜਿਹੇ ਉਪਰਾਲੇ ਜਾਰੀ ਹਨ।
ਉਪ ਰਾਜਪਾਲ ਵੀ.ਕੇ.ਸਕਸੈਨਾ ਨੇ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨਾਲ ਉੱਚ ਪੱਧਰੀ ਮੀਟਿੰਗ ਉਪਰੰਤ ਕਿਹਾ ਕਿ ਸ਼ਹਿਰ ਵਿਚ ਹਾਲਾਤ ‘ਬੇਹੱਦ ਚਿੰਤਾਜਨਕ’ ਹਨ। ਉਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਵਧੇਰੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਸਣੇ ਸਾਰੇ ਗੁਆਂਂਢੀ ਰਾਜਾਂ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਸਖ਼ਤੀ ਨਾਲ ਰੋਕਣ ਦੀ ਅਪੀਲ ਕੀਤੀ ਗਈ। ਹਵਾ ਦੀ ਗੁਣਵੱਤਾ ’ਚ ਨਿਘਾਰ ਨੂੰ ਲੈ ਕੇ ‘ਆਪ’ ਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਗੋਪਾਲ ਰਾਏ ਨੇ ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੂੰ ਸਮੱਸਿਆ ਦੇ ਹੱਲ ਲਈ ਵਧੇਰੇ ਸਰਗਰਮ ਹੋਣ ਲਈ ਕਿਹਾ ਹੈ। ਉਧਰ ਭਾਜਪਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਯੋਗ ਦੱਸਦਿਆਂ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਲਈ ਦਮ ਘੁੱਟਦੀ ਇਸ ਹਵਾ ਨਾਲੋਂ ਵਧੇਰੇ ਖ਼ਤਰਨਾਕ ਹਨ।
ਦਿੱਲੀ ਵਿੱਚ ਸ਼ੁੱਕਰਵਾਰ ਨੂੰ 24 ਘੰਟੇ ਦਾ ਔਸਤ ਏਕਿਊਆਈ 468 ਦੇ ਅੰਕੜੇ ਨੂੰ ਪਹੁੰਚ ਗਿਆ ਸੀ, ਜਿਸ ਮਗਰੋਂ ਇਸ ਨੂੰ ‘ਬੇਹੱਦ ਖਰਾਬ ਪਲੱਸ’ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਦੱਸ ਦੇਈਏ ਇਸ ਪੜਾਅ ’ਤੇ ਦਿੱਲੀ-ਐੱਨਸੀਆਰ ਵਿੱਚ ਪ੍ਰਦੂਸ਼ਣ ਫੈਲਾਉਂਦੇ ਟਰੱਕਾਂ, ਵਪਾਰਕ ਚਾਰ ਪਹੀਆ ਵਾਹਨਾਂ ਤੇ ਹਰ ਤਰ੍ਹਾਂ ਦੀ ਉਸਾਰੀ ’ਤੇ ਰੋਕ ਸਣੇ ਸਾਰੇ ਐਮਰਜੈਂਸੀ ਉਪਰਾਲੇ ਅਮਲ ਵਿੱਚ ਲਿਆਉਣੇ ਲਾਜ਼ਮੀ ਹਨ। ਇਸ ਤੋਂ ਪਹਿਲਾਂ 12 ਨਵੰਬਰ 2021 ਨੂੰ ਸ਼ਹਿਰ ਦਾ ਏਕਿਊਆਈ ਰਿਕਾਰਡ ਪੱਧਰ ’ਤੇ ਰਿਹਾ ਸੀ। ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮਿਸ਼ਨ (ਸੀਏਕਿਊਐੱਮ) ਨੇ ਨਜ਼ਰਸਾਨੀ ਮੀਟਿੰਗ ਦੌਰਾਨ ਸਖ਼ਤ ਪਾਬੰਦੀਆਂ ਆਇਦ ਕੀਤੇ ਜਾਣ ਤੋਂ ਪਹਿਲਾਂ ਇਕ ਜਾਂ ਦੋ ਦਿਨ ਹਾਲਾਤ ’ਤੇ ਨਜ਼ਰ ਰੱਖਣ ਦਾ ਫੈਸਲਾ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਗਰੇਡਿਡ ਰਿਸਪੌਂਸ ਐਕਸ਼ਨ ਪਲਾਟ (ਗਰੈਪ) ਦੀ ਸਟੇਜ 3 ਤਹਤਿ ਪਾਬੰਦੀਆਂ ਅਜੇ ਇਕ ਦਿਨ ਪਹਿਲਾਂ ਹੀ ਆਇਦ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਦਾ ਖਿੱਤੇ ਦੇ ਏਕਿਊਆਈ ’ਤੇ ਮੁਕੰਮਲ ਅਸਰ ਨੂੰ ਵਾਚਣ ਲਈ ਇਕ ਦੋ ਦਿਨ ਦਾ ਸਮਾਂ ਦੇਣਾ ਵਾਜਬ ਹੈ। ਉਂਜ ਦਿੱਲੀ ਦੀ ਹਵਾ ਜ਼ਹਿਰੀਲੀ ਹੋਣ ਕਰਕੇ ਲੋਕਾਂ ਨੂੰ ਆਪਣੀ ਸਵੇਰ ਦੀ ਸੈਰ, ਖੇਡਾਂ ਤੇ ਹੋਰ ਆਊਟਡੋਰ ਸਰਗਰਮੀਆਂ ਛੱਡਣੀਆਂ ਪਈਆਂ ਹਨ। ਲਗਾਤਾਰ ਚੌਥੇ ਦਿਨ ਅਸਮਾਨ ’ਤੇ ਗੁੁਬਾਰ ਚੜ੍ਹਨ ਕਰਕੇ ਮਾਸਕ ਦੀ ਵਰਤੋਂ ਵਧਣ ਲੱਗੀ ਹੈ।
ਗਰੈਪ ਦੀ ਫਾਈਨਲ ਸਟੇਜ (ਸਟੇਜ 4) ਤਹਤਿ ਸਿਰਫ਼ ਸੀਐੱਨਜੀ, ਬਜਿਲਈ ਤੇ ਹੋਰਨਾਂ ਰਾਜਾਂ ਦੇ ਬੀਐੱਸ-6 ਨੇਮਾਂ ਦੀ ਪਾਲਣਾ ਕਰਦੇ ਵਾਹਨਾਂ ਨੂੰ ਹੀ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ, ਹਾਲਾਂਕਿ ਜ਼ਰੂਰੀ ਸੇਵਾਵਾਂ ’ਚ ਲੱਗੇ ਵਾਹਨਾਂ ਨੂੰ ਛੋਟ ਰਹਿੰਦੀ ਹੈ। ਇਹੀ ਨਹੀਂ ਸਰਕਾਰੀ ਤੇ ਨਿੱਜੀ ਦਫ਼ਤਰਾਂ ਵਿੱਚ 50 ਫੀਸਦੀ ਸਟਾਫ਼ ਦੇ ਘਰੋਂ ਕੰਮ ਕਰਨ ਦੀਆਂ ਹਦਾਇਤਾਂ ਵੀ ਇਸ ਵਿਚ ਸ਼ਾਮਲ ਹਨ। ਚੇਤੇ ਰਹੇ ਕਿ ਸੀਏਕਿਊਐੱਮ ਨੇ ਵੀਰਵਾਰ ਨੂੰ ਗੈਰਜ਼ਰੂਰੀ ਉਸਾਰੀ ਕੰਮਾਂ ਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀਆਂ ਖਾਸ ਸ਼੍ਰੇਣੀਆਂ ’ਤੇ ਰੋਕ ਲਾ ਦਿੱਤੀ ਸੀ। ਦਿੱਲੀ ਸਰਕਾਰ ਸਾਰੇ ਪ੍ਰਾਇਮਰੀ ਸਕੂਲ ਦੋ ਦਿਨਾਂ ਲਈ ਬੰਦ ਰੱਖਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। -ਪੀਟੀਆਈ

Advertisement

ਪੰਜਾਬ ਦੀ ਆਬੋ ਹਵਾ ‘ਖਰਾਬ’ ਤੇ ਹਰਿਆਣਾ ਦੀ ‘ਬੇਹੱਦ ਖ਼ਰਾਬ’

ਜਲੰਧਰ ’ਚ ਪ੍ਰਦੂਸ਼ਣ ਕਾਰਨ ਅਸਮਾਨੀਂ ਚੜ੍ਹਿਆ ਧੂੰਏਂ ਦਾ ਗੁਬਾਰ। -ਫੋਟੋ: ਸਰਬਜੀਤ ਸਿੰਘ

ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ਤੇ ਹਰਿਆਣਾ ’ਚ ਪਰਾਲੀ ਦੇ ਧੂੰਏਂ ਨੇ ਆਬੋ ਹਵਾ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਦੋਵਾਂ ਰਾਜਾਂ ਵਿੱਚ ਝੋਨੇ ਦੀ ਵਾਢੀ ਦਾ ਕੰਮ ਅਖੀਰਲੇ ਪੜਾਅ ਵਿੱਚ ਹੈ ਅਤੇ ਕਿਸਾਨਾਂ ਵੱਲੋਂ ਹਾੜ੍ਹੀ ਦੀ ਫ਼ਸਲ ਦੀ ਬਜਿਾਈ ਨੂੰ ਲੈ ਕੇ ਦਿਖਾਈ ਜਾ ਰਹੀ ਕਾਹਲ ਪਰਾਲੀ ਨੂੰ ਅੱਗਾਂ ਲਾਉਣ ਦਾ ਕਾਰਨ ਬਣ ਰਹੀ ਹੈ। ਪਰਾਲੀ ਦੇ ਧੂੰਏਂ ਨਾਲ ਦੁਪਹਿਰ ਵੇਲੇ ਹੀ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਹਨੇਰਾ ਛਾ ਜਾਂਦਾ ਹੈ। ਸ਼ਾਮ ਵੇਲੇ ਖ਼ਾਸ ਕਰਕੇ ਬਜ਼ੁਰਗਾਂ ਨੂੰ ਕਾਫ਼ੀ ਸਰੀਰਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਖੇਤਰਾਂ ਵਿਚ ਹਵਾ ਦੀ ਗੁਣਵੱਤਾ ‘ਬੇਹੱਦ ਖ਼ਰਾਬ’ ਸਥਤਿੀ ਵਿਚ ਪਹੁੰਚ ਗਈ ਹੈ। ਬਹਾਦਰਗੜ੍ਹ, ਫ਼ਰੀਦਾਬਾਦ, ਹਿਸਾਰ, ਜੀਂਦ, ਰੋਹਤਕ ਅਤੇ ਸੋਨੀਪਤ ਵਿਚ ਏਅਰ ਕੁਆਲਿਟੀ ਇੰਡੈੱਕਸ (ਏਕਿਊਆਈ) 400 ਤੋਂ 500 ਦਰਮਿਆਨ ਹੈ, ਜਿਸ ਨੂੰ ਗੰਭੀਰ ਸਥਤਿੀ ’ਚ ਰੱਖਿਆ ਜਾਂਦਾ ਹੈ। ਅੰਬਾਲਾ, ਪੰਚਕੂਲਾ, ਸਿਰਸਾ ਤੇ ਚਰਖੀ ਦਾਦਰੀ ਦੇ ਇਲਾਕੇ ਹੀ ਪਰਾਲੀ ਦੇ ਧੂੰਏਂ ਦੀ ਮਾਰ ਤੋਂ ਥੋੜ੍ਹਾ ਬਚੇ ਹਨ। ਬੇਸ਼ੱਕ ਹਰਿਆਣਾ ਦੇ ਮੁਕਾਬਲੇ ਪੰਜਾਬ ਦੀ ਆਬੋ ਹਵਾ ਕਾਫ਼ੀ ਚੰਗੀ ਸਥਤਿੀ ਵਿਚ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਖੇਤਾਂ ’ਚ ਅੱਗਾਂ ਦਾ ਰੁਝਾਨ ਤੇਜ਼ ਹੋਣ ਲੱਗਾ ਹੈ। ਪੰਜਾਬ ਵਿਚ ਐਤਕੀਂ ਕਰੀਬ 31 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਜਿਾਈ ਹੋਈ ਹੈ। ਪਿਛਲੇ ਵਰ੍ਹੇ ਦੇ ਮੁਕਾਬਲੇ ਤਾਂ ਅੱਗਾਂ ਲਾਏ ਜਾਣ ਦੇ ਕੇਸਾਂ ਵਿਚ ਕਮੀ ਆਈ ਹੈ, ਪਰ ਅਸਲ ਵਿੱਚ ਕਈ ਦਿਨਾਂ ਤੋਂ ਖੇਤ ਉਵੇਂ ਹੀ ਸੜ ਰਹੇ ਹਨ। ਜੀਵ-ਜੰਤੂਆਂ ਤੇ ਜਾਨਵਰਾਂ ਤੋਂ ਇਲਾਵਾ ਜੰਗਲਾਤ ਵੀ ਪ੍ਰਭਾਵਤਿ ਹੋ ਰਿਹਾ ਹੈ। ਸਕੂਲੀ ਬੱਚਿਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿਚ ਪਰਾਲੀ ਦੇ ਧੂੰਏਂ ਦਾ ਪ੍ਰਦੂਸ਼ਣ 24 ਘੰਟਿਆਂ ਵਿਚ ਹੋਰ ਵਧ ਗਿਆ ਹੈ। ਖਰਾਬ ਆਬੋ ਹਵਾ ਨੂੰ ਲੈ ਕੇ ਬਠਿੰਡਾ ਜ਼ਿਲ੍ਹਾ ਸਿਖਰ ’ਤੇ ਹੈ। ਲੰਘੇ ਕੱਲ੍ਹ ਏਅਰ ਕੁਆਲਿਟੀ ਇੰਡੈਕਸ 303 ਦੇ ਮੁਕਾਬਲੇ ਅੱਜ ਇਹ ਅੰਕੜਾ 349 ’ਤੇ ਪਹੁੰਚ ਗਿਆ ਹੈ। ਅੰਮ੍ਰਤਿਸਰ ਵਿਚ ਹਵਾ ਦੀ ਗੁਣਵੱਤਾ ਦਾ ਅੰਕੜਾ ਅੱਜ 241 ’ਤੇ ਪੁੱਜ ਗਿਆ ਹੈ ਜੋ ਕਿ ਲੰਘੇ ਕੱਲ੍ਹ 166 ਸੀ। ਲੁਧਿਆਣਾ ਜ਼ਿਲ੍ਹੇ ਵਿਚ ਇਹੋ ਅੰਕੜਾ 214 ਦੇ ਮੁਕਾਬਲੇ ਅੱਜ 230 ’ਤੇ ਪੁੱਜ ਗਿਆ ਹੈ। ਜਲੰਧਰ ਤੇ ਗੋਬਿੰਦਗੜ੍ਹ ਵਿਚ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਹਰ ਜ਼ਿਲ੍ਹੇ ਵਿਚ ਅਧਿਕਾਰੀਆਂ ਦੀਆਂ ਟੀਮਾਂ ਵੱਲੋਂ ਲਗਾਤਾਰ ਫ਼ੀਲਡ ਦਾ ਦੌਰਾ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਪ੍ਰੇਰਿਆ ਵੀ ਜਾ ਰਿਹਾ ਹੈ ਅਤੇ ਪਰਾਲੀ ਪ੍ਰਬੰਧਨ ਦੇ ਉਪਰਾਲੇ ਵੀ ਨਾਲੋਂ ਨਾਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।

ਪੰਜਾਬ ’ਚ ਪਰਾਲੀ ਸਾੜਨ ਦਾ ਸਿਲਸਿਲਾ ਤੇਜ਼

ਪੰਜਾਬ ਵਿਚ ਅੱਜ ਇੱਕੋ ਦਿਨ ’ਚ ਪਰਾਲੀ ਸਾੜਨ ਦੀਆਂ 1551 ਘਟਨਾਵਾਂ ਸਾਹਮਣੇ ਆਈਆਂ ਹਨ। 15 ਸਤੰਬਰ ਤੋਂ ਹੁਣ ਤੱਕ ਪੰਜਾਬ ਵਿਚ ਕੁੱਲ 12,813 ਅੱਗਾਂ ਦੇ ਕੇਸ ਸਾਹਮਣੇ ਆਏ ਹਨ ਜਦੋਂ ਕਿ ਪਿਛਲੇ ਵਰ੍ਹੇ 3 ਨਵੰਬਰ ਤੱਕ 24,146 ਦਾ ਅੰਕੜਾ ਸੀ। ਐਤਕੀਂ 26 ਸਤੰਬਰ ਤੋਂ ਪਰਾਲੀ ਸਾੜਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਅਤੇ 29 ਅਕਤੂਬਰ ਤੋਂ ਰੋਜ਼ਾਨਾ ਪਰਾਲੀ ਸਾੜਨ ਦੇ ਕੇਸਾਂ ਦਾ ਅੰਕੜਾ ਇੱਕ ਹਜ਼ਾਰ ਰੋਜ਼ਾਨਾ ਨੂੰ ਪਾਰ ਕਰ ਗਿਆ ਸੀ। ਸੂਬੇ ਵਿਚ ਹੁਣ ਤੱਕ ਸਭ ਤੋਂ ਵੱਧ ਸੰਗਰੂਰ ਜ਼ਿਲ੍ਹੇ ਵਿਚ 1907, ਤਰਨ ਤਾਰਨ 1469 ਕੇਸ, ਫ਼ਿਰੋਜ਼ਪੁਰ 1391 ਅਤੇ ਅੰਮ੍ਰਤਿਸਰ ਵਿਚ 1353 ਕੇਸ ਪਰਾਲੀ ਸਾੜਨ ਦੇ ਸਾਹਮਣੇ ਆਏ ਹਨ।

Advertisement

ਲਹਿੰਦੇ ਪੰਜਾਬ ’ਚ ਸਮੋਗ ਐਮਰਜੈਂਸੀ ਐਲਾਨੀ

ਪਾਕਿਸਤਾਨ ਨੇ ਚੜ੍ਹਦੇ ਪੰਜਾਬ ’ਚੋਂ ਆਏ ਪਰਾਲੀ ਦੇ ਧੂੰਏਂ ਕਾਰਨ ਅੱਜ ਲਹਿੰਦੇ ਪੰਜਾਬ ਵਿਚ ‘ਗ਼ੁਬਾਰ ਐਮਰਜੈਂਸੀ’ (ਸਮੋਗ ਐਮਰਜੈਂਸੀ) ਐਲਾਨ ਦਿੱਤੀ ਹੈ। ਲਾਹੌਰ ਹਾਈਕੋਰਟ ਦੇ ਹੁਕਮਾਂ ਪਿੱਛੋਂ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕੱਕੜ ਨੇ ਸਮੋਗ ਐਮਰਜੈਂਸੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਭਾਰਤ ਸਰਕਾਰ ਕੋਲ ਮਾਮਲਾ ਉਠਾਉਣਗੇ ਕਿਉਂਕਿ ਚੜ੍ਹਦੇ ਪੰਜਾਬ ’ਚੋਂ ਆ ਰਹੇ ਧੂੰਏਂ ਕਾਰਨ ਲਾਹੌਰ ’ਤੇ ਗ਼ੁਬਾਰ ਛਾ ਗਿਆ ਹੈ।

ਐੱਨਜੀਟੀ ਨੇ ਰਾਜਾਂ ਤੋਂ 10 ਤੱਕ ਕਾਰਵਾਈ ਰਿਪੋਰਟ ਮੰਗੀ

ਨਵੀਂ ਦਿੱਲੀ: ਕੌਮੀ ਗ੍ਰੀਨ ਟ੍ਰਿਬਿਊਨਲ (ਐੱਨਜੀਈ) ਨੇ ਹਵਾ ਦੀ ਗੁਣਵੱਤਾ ਵਿੱਚ ਤੇਜ਼ੀ ਨਾਲ ਨਿਘਾਰ ਦੇ ਮੱਦੇਨਜ਼ਰ ਸਬੰਧਤ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਫੌਰੀ ਕਦਮ ਚੁੱਕਣ ਦੀ ਹਦਾਇਤ ਕਰਦਿਆਂ 10 ਨਵੰਬਰ ਤੱਕ ਕਾਰਵਾਈ ਰਿਪੋਰਟ ਮੰਗ ਲਈ ਹੈ। ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵਾ ਦੀ ਅਗਵਾਈ ਵਾਲੇ ਟ੍ਰਿਬਿਊਨਲ ਨੇ ਜਿਨ੍ਹਾਂ ਰਾਜਾਂ ਨੂੰ ਹਦਾਇਤ ਕੀਤੀ ਹੈ, ਉਥੇ ਹਵਾ ਦੀ ਗੁਣਵੱਤਾ ਨੂੰ ਮਾਪਣ ਵਾਲਾ ਇੰਡੈਕਸ (ਏਕਿਊਆਈ) ਖਰਾਬ, ਬਹੁਤ ਖਰਾਬ ਤੇ ਬੇਹੱਦ ਖਰਾਬ ਸ਼੍ਰੇਣੀ ਵਿੱਚ ਹੈ। -ਪੀਟੀਆਈ

Advertisement