ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਗੁਰਿੰਦਰ ਸਿੰਘ
ਲੁਧਿਆਣਾ, 13 ਨਵੰਬਰ
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਗੁਰੂ ਕਲਗੀਧਰ ਸਿੰਘ ਸਭਾ ਤੋਂ ਅੱਜ ਨਗਰ ਕੀਰਤਨ ਸਜਾਇਆ ਗਿਆ ਜਿਸ ਦਾ ਸੰਗਤ ਵੱਲੋਂ ਥਾਂ ਥਾਂ ਸਵਾਗਤ ਕਰਦਿਆਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿੱਚ ਸਮਾਪਤ ਹੋਇਆ ਜਿਥੇ ਪ੍ਰਬੰਧਕ ਕਮੇਟੀ ਵੱਲੋਂ ਗੁਰਮੀਤ ਸਿੰਘ ਮੁੱਖ ਸੇਵਾਦਾਰ ਨੇ ਜਥਿਆਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ।
ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਫੁੱਲਾਂ ਨਾਲ ਸਜਾਈ ਪਾਲਕੀ ਵਿੱਚ ਸੁਸ਼ੋਭਿਤ ਸੀ। ਪਾਲਕੀ ਪਿੱਛੇ ਸੰਗਤ ਗੁਰਬਾਣੀ ਕੀਰਤਨ ਕਰ ਰਹੀ ਸੀ। ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਟਰੈਫਿਕ ਪੁਲੀਸ ਵੱਲੋਂ ਆਵਾਜਾਈ ਨਿਯਮਤ ਕਰਨ ਲਈ ਯਤਨ ਕੀਤੇ ਜਾ ਰਹੇ ਸਨ।
ਇਸ ਮੌਕੇ ਗੁਰਦੁਆਰਾ ਭਗਤ ਚੇਤ ਰਾਮ ਫੀਲਡ ਗੰਜ ਪੁੱਜਣ ਤੇ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਸ਼ਾਮਿਲ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਅਤੇ ਜਰਨੈਲ ਸਿੰਘ ਵੱਲੋਂ ਭਗਤ ਚੇਤ ਰਾਮ ਦੀ ਕਮੇਟੀ ਸਮੁੱਚੀ ਕਮੇਟੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿਲੋਂ, ਬਾਬਾ ਅਜੀਤ ਸਿੰਘ, ਪ੍ਰਧਾਨ ਦਵਿੰਦਰ ਸਿੰਘ ਕਾਲਾ, ਜਗਜੀਤ ਸਿੰਘ ਹੈਪੀ, ਜਸਬੀਰ ਸਿੰਘ ਦੂਆ, ਪ੍ਰਲਾਦ ਸਿੰਘ ਢਲ, ਹਰਪਾਲ ਸਿੰਘ ਕੋਹਲੀ, ਬਲਜੀਤ ਸਿੰਘ ਬਿੰਦਰਾ ਅਤੇ ਗੁਰਚਰਨ ਮਿੰਟਾ ਵੀ ਹਾਜ਼ਰ ਸਨ।
ਨਗਰ ਕੀਰਤਨ ਵਿੱਚ ਸਕੂਲੀ ਬੱਚਿਆਂ ਅਤੇ ਬੈਂਡ ਟੀਮਾਂ ਨੇ ਵੀ ਸ਼ਮੂਲੀਅਤ ਕੀਤੀ। ਇਸਤਰੀ ਸਤਿਸੰਗ ਸਭਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸ਼ਬਦੀ ਜੱਥਿਆਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਗੁਰੂ ਕੀ ਲਾਡਲੀ ਫ਼ੌਜ ਦੇ ਨਿੱਕੇ ਨਿੱਕੇ ਬੱਚੇ ਖ਼ਾਲਸਾਈ ਬਾਣੇ ਵਿੱਚ ਨਗਰ ਕੀਰਤਨ ਦੀ ਰੌਣਕ ਨੂੰ ਵਧਾ ਰਹੇ ਸਨ।