ਪੋਹ ਦਾ ਪਾਲਾ: ਮਾਲਵੇ ’ਚ ਦਿਨੇ ਧੁੱਪ ਖਿੜਨ ਤੇ ਰਾਤੀਂ ਧੁੰਦ ਦੇ ਆਸਾਰ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਜਨਵਰੀ
ਪਿਛਲੇ ਦੋ ਦਿਨ ਥੋੜ੍ਹੇ-ਥੋੜ੍ਹੇ ਸਮੇਂ ਲਈ ਚਮਕਿਆ ਸੂਰਜ ਅੱਜ ਮਾਲਵੇ ’ਚ ਤਕਰੀਬਨ ਸ਼ਾਂਤ ਰਿਹਾ। ਦੁਪਹਿਰੇ ਲਗਪਗ ਦੋ ਵਜੇ ਮੱਠੀ ਧੁੱਪ ਨਾਲ ਦਿਖਾਈ ਦਿੱਤੀ ਸੂਰਜ ਦੀ ਟਿੱਕੀ, ਬੱਦਲਾਂ ਦੀ ਮਸਤਾਨੀ ਚਾਲ ਅੱਗੇ ਬਹੁਤਾ ਸਮਾਂ ਟਿੱਕ ਨਾ ਸਕੀ।
ਮਾਲਵੇ ’ਚ ਸ਼ਨਿੱਚਰਵਾਰ ਦੀ ਰਾਤ ਪੁਰੇ ਦੀਆਂ ਤੇਜ਼ ਪੌਣਾਂ ਨੇ ਮੌਸਮ ਨੂੰ ਠੰਢਾ ਯਖ਼ ਕਰ ਦਿੱਤਾ ਸੀ। ਐਤਵਾਰ ਸੁਵਖ਼ਤਾ ਹੁੰਦਿਆਂ ਹੀ ਸਮੁੱਚੀ ਕਾਇਨਾਤ ਧੁੰਦ ਦੀ ਗ੍ਰਿਫ਼ਤ ਵਿੱਚ ਆ ਗਈ। ਅੱਜ ਸਵੇਰ ਦੀ ਧੁੰਦ ਬੀਤੇ ਸ਼ਨਿੱਚਰਵਾਰ ਦੀ ਤੁਲਨਾ ’ਚ ਘੱਟ ਸੀ। ਐਤਵਾਰ ਦੀ ਪੇਤਲੀ ਧੁੰਦ ’ਚ ਦਿਖਣ ਦੀ ਸਮਰੱਥਾ (ਵਿਜ਼ੀਬਿਲਟੀ) ਕਾਫੀ ਹੱਦ ਤੱਕ ਤਸੱਲੀਬਖ਼ਸ਼ ਸੀ। ਸ਼ਨਿੱਚਰਵਾਰ ਰਾਤ ਨੂੰ ਭਾਵੇਂ ਪੁਰਾ ਵਗਿਆ, ਪਰ ਦੇਰ ਰਾਤ ਨੂੰ ਹਵਾ ਰੁਕਣ ਕਾਰਨ ਐਤਵਾਰ ਸਵੇਰੇ ਬਠਿੰਡਾ ਸ਼ਹਿਰ ਦਾ ਪਾਰਾ ਸ਼ਨਿੱਚਰਵਾਰ ਦੀ ਤੁਲਨਾ ’ਚ ਉੱਪਰ ਰਿਹਾ। ਸ਼ਨਿੱਚਰਵਾਰ ਬਠਿੰਡੇ ਦਾ ਘੱਟੋ-ਘੱਟ ਤਾਪਮਾਨ 5.2 ਅਤੇ ਐਤਵਾਰ ਨੂੰ ਇਹ 7.4 ਡਿਗਰੀ ਸੈਂਟੀਗਰੇਡ ਨੋਟ ਕੀਤਾ ਗਿਆ।
ਸ਼ਾਮ ਨੂੰ ਖ਼ਬਰ ਲਿਖ਼ੇ ਜਾਣ ਤੱਕ ਮਾਲਵੇ ਦੇ ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਿਆਂ ’ਚ ਕਿਣ-ਮਿਣ ਸ਼ੁਰੂ ਹੋਣ ਦੀਆਂ ਰਿਪੋਰਟਾਂ ਸਨ। ਮੌਸਮ ਮਾਹਿਰਾਂ ਮੁਤਾਬਕ ਲਹਿੰਦੇ ਪੰਜਾਬ ਤਰਫ਼ੋਂ ਚੜ੍ਹਦੇ ਪੰਜਾਬ ਵੱਲ ਆ ਰਿਹਾ ਮੀਂਹ ਦਾ ਸਿਸਟਮ ਰਾਤ ਹੋਣ ਤੱਕ ਮਾਲਵੇ ਦੇ ਕੁਝ ਹੋਰ ਜ਼ਿਲ੍ਹਿਆਂ ਨੂੰ ਕਲਾਵੇ ਵਿੱਚ ਲੈ ਸਕਦਾ ਹੈ। ਮਾਹਿਰਾਂ ਦਾ ਤਕਾਜ਼ਾ ਹੈ ਕਿ ਭਲਕ ਤੱਕ ਇਹ ਸਿਸਟਮ ਪੰਜਾਬ ਤੋਂ ਅੱਗੇ ਨਿੱਕਲ ਜਾਵੇਗਾ, ਪਰ ਸੋਮਵਾਰ ਨੂੰ ਮੌਸਮ ਸ਼ੀਤ ਹੀ ਰਹਿ ਸਕਦਾ ਹੈ। 7, 8 ਅਤੇ 9 ਜਨਵਰੀ ਨੂੰ ਧੁੱਪਾਂ ਖਿੜਨ ਅਤੇ ਅਗਲੇ ਕੁਝ ਦਿਨਾਂ ਤੱਕ ਮੌਸਮ ਖ਼ੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਰਾਤ ਅਤੇ ਸਵੇਰ ਵਕਤ ਦੀ ਧੁੰਦ ਦੇ 9 ਜਨਵਰੀ ਤੱਕ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ।