ਪੋਕਸੋ ਕੇਸ: ਨੈਸ਼ਨਲ ਐਵਾਰਡੀ ਅਧਿਆਪਕ ਮੁਅੱਤਲ
ਮੋਹਿਤ ਸਿੰਗਲਾ
ਨਾਭਾ, 2 ਜੂਨ
ਸਿੱਖਿਆ ਵਿਭਾਗ ਨੇ ਨੈਸ਼ਨਲ ਐਵਾਰਡੀ ਅਧਿਆਪਕ ਖ਼ਿਲਾਫ਼ ਪੋਕਸੋ ਤਹਿਤ ਕੇਸ ਦਰਜ ਹੋਣ ਮਗਰੋਂ ਉਸ ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਦਾ ਤਬਾਦਲਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ਵਿੱਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਧਿਆਪਕ ਖ਼ਿਲਾਫ਼ ਵਿਭਾਗੀ ਪੜਤਾਲ ਵੀ ਕੀਤੀ ਜਾਵੇਗੀ। ਹਾਲਾਂਕਿ, ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸਨੂੰ ਕਾਫ਼ੀ ਗੰਭੀਰ ਮਾਮਲਾ ਦੱਸਦਿਆਂ ਕਿਹਾ ਕਿ ਹੋਰ ਪੀੜਤ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਵਿਭਾਗੀ ਪੜਤਾਲ ਵੀ ਕਰਵਾਈ ਜਾਵੇਗੀ।
ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਮੁਅੱਤਲ ਕਰਕੇ ਸੰਗਰੂਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। 15 ਸਾਲਾ ਲੜਕੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਇਸ 45 ਸਾਲਾ ਅਧਿਆਪਕ ਖ਼ਿਲਾਫ਼ ਨਾਭਾ ਕੋਤਵਾਲੀ ਵਿੱਚ ਪੋਕਸੋ ਦੀ ਧਾਰਾ 6 ਤਹਿਤ 31 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ। ਪੀੜਤ ਨੇ ਸ਼ਿਕਾਇਤ ਵਿੱਚ ਇਹ ਘਟਨਾ 28 ਮਈ ਦੀ ਦੱਸੀ ਹੈ। ਨਾਭਾ ਦੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਫ਼ਰਾਰ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿਚ ਆਪਣੇ ‘ਐਕਸ’ ਹੈਂਡਲ ’ਤੇ ਇਸ ਅਧਿਆਪਕ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਉਸ ਦੇ ਸਿੱਖਿਆ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਸੀ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ 2023 ਵਿਚ ਇਸ ਸਕੂਲ ਦੇ ਦੌਰੇ ਦੌਰਾਨ ਅਧਿਆਪਕ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਸੀ। ਉਸਨੂੰ 2018 ਵਿਚ ਨੈਸ਼ਨਲ ਐਵਾਰਡ ਮਿਲਿਆ ਸੀ। ਉਹ ਸੂਬੇ ਵਿਚ ਸਮਾਰਟ ਸਕੂਲ ਪ੍ਰਾਜੈਕਟ ਦਾ ਸੂਬਾਈ ਕੋਆਰਡੀਨੇਟਰ ਵੀ ਰਹਿ ਚੁੱਕਾ ਹੈ।