ਮੇਜਰ ਸਿੰਘ ਮੱਟਰਾਂਭਵਾਨੀਗੜ੍ਹ, 11 ਦਸੰਬਰਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਪੈਪਸਿਕੋ ਵਰਕਰਜ਼ ਯੂਨੀਅਨ ਏਟਕ ਚੰਨੋਂ ਨੇ ਸਰਕਾਰਾਂ ਵੱਲੋਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਖਿਲਾਫ਼ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਗੱਜੂਮਾਜਰਾ, ਮੀਤ ਪ੍ਰਧਾਨ ਵੀਰਦਵਿੰਦਰ ਸਿੰਘ ਗਾਜੇਵਾਸ, ਖਜ਼ਾਨਚੀ ਰਘੁਵੀਰ ਸਿੰਘ ਅਤੇ ਪ੍ਰੈਸ ਸਕੱਤਰ ਹਰੀ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਲਗਾਤਾਰ ਲੋਕਾਂ ਦੇ ਜਮਹੂਰੀ ਹੱਕਾਂ ’ਤੇ ਡਾਕਾ ਮਾਰ ਰਹੀਆਂ ਹਨ ਅਤੇ ਸਰਮਾਏਦਾਰਾਂ ਲਈ ਵੱਧ ਮੁਨਾਫੇ ਖੱਟਣ ਅਤੇ ਬੇਖੌਫ ਲੁੱਟ ਕਰਨ ਦਾ ਰਾਹ ਪੱਧਰਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪੁਰਾਣੇ ਕਿਰਤ ਕਾਨੂੰਨਾਂ ਨੂੰ ਸੋਧ ਕੇ ਚਾਰ ਨਵੇਂ ਕਿਰਤ ਕੋਡ ਲਿਆਂਦੇ ਗਏ ਹਨ ਜੋ ਮਜ਼ਦੂਰਾਂ-ਕਿਰਤੀਆਂ ਦੇ ਨਿਗੂਣੇ ਕਿਰਤ ਹੱਕਾਂ ਉੱਤੇ ਵੱਡੇ ਕੱਟ ਲਾਉਣ ਦਾ ਸਾਧਨ ਹਨ। ਇਸੇ ਤਰ੍ਹਾਂ ਪਿਛਲੇ ਦਿਨੀਂ ਬ੍ਰਿਟਿਸ਼ ਹਕੂਮਤ ਦੇ ਸਮੇਂ ਤੋਂ ਚੱਲੇ ਆ ਰਹੇ ਫੌਜਦਾਰੀ ਕਾਨੂੰਨਾਂ ਨੂੰ ਸੋਧਣ ਦੇ ਨਾਂ ਹੇਠ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨ ਪਹਿਲੇ ਕਾਨੂੰਨਾਂ ਤੋਂ ਹੋਰ ਵੀ ਵੱਧ ਜਾਬਰ ਅਤੇ ਲੋਕ ਵਿਰੋਧੀ ਹਨ।ਇਸ ਮੌਕੇ ਫਲਸਤੀਨ ਵਿਰੁੱਧ ਅਮਰੀਕੀ ਸਾਮਰਾਜ ਦੇ ਥਾਪੜੇ ਨਾਲ ਜਾਰੀ ਨਿਹੱਕੀ ਜੰਗ, ਉੱਤਰ ਪ੍ਰਦੇਸ਼ ਵਿੱਚ ਐਸਮਾ ਲਾਗੂ ਕਰਕੇ ਹੜਤਾਲਾਂ ਉੱਤੇ ਰੋਕ ਲਾਉਣ ਤੇ ਸੰਭਲ ਵਿੱਚ ਮਸਜਿਦ-ਮੰਦਿਰ ਵਿਵਾਦ ਛੇੜ ਕੇ ਮੁਸਲਮਾਨਾਂ ਵਿਰੁੱਧ ਹਿੰਸਾ ਭੜਕਾਉਣ ਤੇ ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਜਬਰ ਦੇ ਵਿਰੋਧ ’ਚ ਮਤੇ ਪਾਸ ਕੀਤੇ ਗਏ।