ਪੇਸ਼ੇਵਰ ਸੰਸਥਾਵਾਂ ’ਚ ਆਰਐੱਸਐੱਸ ਦੀ ‘ਘੁਸਪੈਠ’ ਹੋ ਰਹੀ ਹੈ: ਕਾਂਗਰਸ
ਨਵੀਂ ਦਿੱਲੀ, 2 ਜੂਨ
ਕਾਂਗਰਸ ਨੇ ਭਾਰਤੀ ਇਤਿਹਾਸਕ ਖੋਜ ਕੌਂਸਲ (ਆਈਸੀਐੱਚਆਰ) ’ਚ ਬੇਨਿਯਮੀਆਂ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਪੇਸ਼ੇਵਰ ਸੰਸਥਾਵਾਂ ਵਿੱਚ ਆਰਐੱਸਐੱਸ ਦੀ ਯੋਜਨਾਬੱਧ ਢੰਗ ਨਾਲ ਘੁਸਪੈਠ ਹੋ ਰਹੀ ਹੈ ਅਤੇ ਇਨ੍ਹਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ, ‘ਮਈ 2014 ਤੋਂ ਪੇਸ਼ੇਵਰ ਸੰਸਥਾਵਾਂ ’ਚ ਆਰਐੱਸਐੱਸ ਵੱਲੋਂ ਯੋਜਨਾਬੱਧ ਢੰਗ ਨਾਲ ਘੁਸਪੈਠ ਕੀਤੀ ਜਾ ਰਹੀ ਹੈ। ਇਸ ਦੀ ਮਿਸਾਲ ਭਾਰਤੀ ਇਤਿਹਾਸ ਖੋਜ ਕੌਂਸਲ ਹੈ।’ ਉਨ੍ਹਾਂ ਦੋਸ਼ ਲਾਇਆ,‘ਹੁਣ ਇਨ੍ਹਾਂ ਕਾਰਕੁਨਾਂ ’ਤੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਜਿਹੀ ਸੰਸਥਾ ਵੱਲੋਂ ਵਿੱਤੀ ਗੜਬੜੀ ਦਾ ਦੋਸ਼ ਲਾਇਆ ਗਿਆ ਹੈ। ਇਹ 14 ਕਰੋੜ ਰੁਪਏ ਦਾ ਘੁਟਾਲਾ ਹੈ ਜੋ ਆਈਸੀਐੱਚਆਰ ਲਈ ਵੱਡੀ ਰਕਮ ਹੈ।’ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸ੍ਰੀ ਰਮੇਸ਼ ਨੇ ਦੋਸ਼ ਲਾਇਆ ਕਿ ਇਸ ਘੁਟਾਲੇ ਪਿੱਛੇ ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ (ਏਬੀਆਈਐੱਸਵਾਈ) ਨਾਮੀਂ ਆਰਐੱਸਐੱਸ ਸੰਗਠਨ ਹੈ।
ਉਨ੍ਹਾਂ ਦੋਸ਼ ਲਾਇਆ, ‘ਆਈਸੀਐੱਚਆਰ ਇੱਕਲੌਤੀ ਅਜਿਹੀ ਸੰਸਥਾ ਨਹੀਂ ਹੈ। ਮੁਲਕ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਸਮੇਤ ਕਈ ਸੰਸਥਾਵਾਂ ਨੂੁੰ ਬਹੁਤ ਸ਼ੱਕੀ ਸਾਖ਼ ਵਾਲੇ ਆਰਐੱਸਐੱਸ ਸਮਰਥਕਾਂ ਵੱਲੋਂ ਤਬਾਹ ਕੀਤਾ ਜਾ ਰਿਹਾ ਹੈ। ਸਾਨੂੰ ਅਸਲ ’ਚ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਅਜਿਹੀ ਸ਼ੱਕੀ ਗਤੀਵਿਧੀ ਉਪਰਲੇ ਪੱਧਰ ਤੋਂ ਸ਼ੁਰੂ ਹੁੰਦੀ ਹੈ।’ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਸੀਵੀਸੀ ਭਾਰਤੀ ਇਤਿਹਾਸਕ ਖੋਜ ਕੌਂਸਲ ਵਿੱਚ 14 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਕਰ ਰਹੀ ਹੈ। -ਪੀਟੀਆਈ